ਗੁਰਜੰਟ ਕਲਸੀ
ਸਮਾਲਸਰ, 30 ਜਨਵਰੀ
ਅੱਜ ਪਿੰਡ ਲੰਡੇ ਵਿਚ ਮਰਦਾਂ ਤੇ ਔਰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਨਅਤਕਾਰ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਇਕਾਈ ਪਿੰਡ ਲੰਡੇ ਦੇ ਕਿਸਾਨ ਆਗੂਆਂ ਸੁਖਦੀਪ ਲੰਡੇ, ਹਰਬੰਸ ਸਿੰਘ, ਤੇਜ ਸਿੰਘ, ਕੁਲਵੰਤ ਸੰਘਾ, ਮੁਸਲਿਮ ਫਰੰਟ ਆਗੂ ਨੂਰ ਮੁਹੰਮਦ, ਅਮਰਜੀਤ ਕੌਰ ਦੀ ਅਗਵਾਈ ਹੇਠ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਬੀਬੀ ਨਾਨਕੀ ਪਾਰਕ ਦੇ ਨਾਲ ਖਾਲੀ ਥਾਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰ ਘਰ ਦੇ ਇਕ ਵਿਅਕਤੀ ਦੀ ਦਿੱਲੀ ਜਾਣ ਲਈ ਵਾਰੀ ਡਿਊਟੀ ਲਾਈ ਗਈ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਕੇਂਦਰ ਸਰਕਾਰ ਵੱਲੋਂ ਕਿਸਾਨ ਜੱਥੇਬੰਦੀਆ ਦੇ ਆਗੂਆ ’ਤੇ ਝੂਠੇ ਪੁਲੀਸ ਪਰਚੇ ਦਰਜ ਕਰਨ ਦੇ ਵਿਰੋਧ ਵਿਚ ਨੇੜਲੇ ਪਿੰਡ ਘਰਾਚੋਂ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ, ਔਰਤਾਂ ਅਤੇ ਬੱਚਿਆਂ ਵੱਲ ਨੂੰ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਯੂਨੀਅਨ ਦੇ ਕਾਰਜਕਾਰੀ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਦਿੱਲੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 26 ਜਨਵਰੀ ਨੂੰ ਲੈ ਕੇ ਕਿਸਾਨ ਜੱਥੇਬੰਦੀਆ ਦੇ ਕਿਸਾਨ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਔਰਤਾਂ ਨੇ ਪ੍ਰਧਾਨ ਮੰਤਰੀ ਦਾ ਪਿੱਟ ਸਿਆਪਾ ਵੀ ਕੀਤਾ। ਬੱਚਿਆਂ ਨੇ ਕਿਸਾਨੀ ਨੂੰ ਬਚਾਉਣ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਬੈਨਰ ਚੁੁੱਕੇ ਹੋਏ ਸਨ। ਸਤਵਿੰਦਰ ਸਿੰਘ ਕਾਲਾ, ਜਗਵੀਰ ਸਿੰਘ ਕਾਲਾ, ਰਮਨਦੀਪ ਸਿੰਘ, ਨਰਿੰਦਰ ਸਿੰਘ, ਰਘਵੀਰ ਸਿੰਘ, ਹਰਵਿੰਦਰ ਕੌਰ, ਮਲਕੀਤ ਕੌਰ ਤੋਂ ਇਲਾਵਾ ਭਾਰੀ ਗਿਣਤੀ ’ਚ ਔਰਤਾਂ, ਕਿਸਾਨ ਅਤੇ ਬੱਚੇ ਹਾਜ਼ਰ ਸਨ।