ਨਵੀਂ ਦਿੱਲੀ, 18 ਅਗਸਤ
ਮੁੱਖ ਅੰਸ਼
- ਪਿੰਕੀ ਚੌਧਰੀ ਦੀ ਜ਼ਮਾਨਤ ਅਰਜ਼ੀ ’ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ
- ਗ੍ਰਿਫ਼ਤਾਰੀ ਤੋਂ ਸ਼ਨਿਚਰਵਾਰ ਤੱਕ ਰਾਹਤ ਮਿਲੀ
ਇਥੋਂ ਦੀ ਅਦਾਲਤ ਨੇ ਹਿੰਦੂ ਰਕਸ਼ਾ ਦਲ ਦੇ ਮੁਖੀ ਪਿੰਕੀ ਚੌਧਰੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਯੂਟਿਊਬ ਨਿਊਜ਼ ਚੈਨਲ ਦੇ ਪੱਤਰਕਾਰ ਵੱਲੋਂ ਲੋਕਾਂ ਨੂੰ ਭੜਕਾਉਣ ਦੀ ਕਥਿਤ ਕੋਸ਼ਿਸ਼ ਬਾਰੇ ਪੁੱਛ-ਪੜਤਾਲ ਨਾ ਕੀਤੇ ਜਾਣ ’ਤੇ ਦਿੱਲੀ ਪੁਲੀਸ ਦੀ ਖਿਚਾਈ ਕੀਤੀ ਹੈ। ਵਧੀਕ ਸੈਸ਼ਨ ਜੱਜ ਅਨਿਲ ਅੰਤਿਲ ਨੇ ਚੌਧਰੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰਖਦਿਆਂ ਸ਼ਨਿਚਰਵਾਰ ਤੱਕ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। ਜੱਜ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਜਦੋਂ ਚੌਧਰੀ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਦਲੀਲ ਦਿੱਤੀ ਕਿ ਜਾਂਚ ਅਧਿਕਾਰੀ ਨੇ ਯੂਟਿਊਬ ਚੈਨਲ ‘ਖ਼ਬਰ ਇੰਡੀਆ’ ਦੇ ਪੱਤਰਕਾਰ ਵੱਲੋਂ ਉਸ ਦੀ ਲਈ ਗਈ ਇੰਟਰਵਿਊ ’ਤੇ ਕਾਰਵਾਈ ਕੀਤੀ ਹੈ। ਕੇਸ ਦੇ ਜਾਂਚ ਅਧਿਕਾਰੀ ਨੇ ਜੰਤਰ-ਮੰਤਰ ’ਤੇ 11 ਮਿੰਟ ਦੇ ਵੀਡੀਓ ਦਾ ਵੇਰਵਾ ਸੌਂਪਿਆ ਸੀ। ਜੱਜ ਅੰਤਿਲ ਨੇ ਪੁਲੀਸ ਨੂੰ ਸਵਾਲ ਕੀਤਾ,‘‘ਕੀ ਤੁਸੀਂ ਪੱਤਰਕਾਰ ਨੂੰ ਨੋਟਿਸ ਭੇਜਿਆ ਹੈ? ਉਹ ਹਿੰਸਾ ਭੜਕਾਉਣ ਵਾਲੇ ਸਵਾਲ ਪੁੱਛ ਰਿਹਾ ਸੀ ਤਾਂ ਜੋ ਉਹ (ਪਿੰਕੀ ਚੌਧਰੀ) ਕੁਝ ਭੜਕਾਊ ਬਿਆਨ ਦੇਵੇ। ਉਸ ਨੂੰ ਸਭ ਤੋਂ ਪਹਿਲਾਂ ਸੱਦਿਆ ਜਾਣਾ ਚਾਹੀਦਾ ਸੀ।’’ ਅਦਾਲਤ ਨੇ ਜੈਨ ਨੂੰ ਇਹ ਵੀ ਕਿਹਾ ਕਿ ਚੌਧਰੀ ਵੱਲੋਂ ਵੀਡੀਓ ’ਚ ਬੋਲੇ ਗਏ ਸ਼ਬਦ ਕੀ ਉਸ ਦੇ ਮੁਵਕਿੱਲ ਦੇ ਹੀ ਹਨ। ਜੈਨ ਨੇ ਕਿਹਾ ਕਿ ਉਸ ਦਾ ਇਰਾਦਾ ਹਿੰਸਾ ਫੈਲਾਉਣਾ ਨਹੀਂ ਸੀ। ‘ਇਹ ਸ਼ਬਦ ਉਸ ਦੇ ਹੀ ਹਨ। ਜੇਕਰ ਪੂਰਾ ਵੀਡੀਓ ਦੇਖੋ ਤਾਂ ਉਹ ਬੇਕਸੂਰ ਹੈ।’ ਜੈਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵਕਿੱਲ ਦਾ ਨਾਮ ਐੱਫਆਈਆਰ ’ਚ ਨਹੀਂ ਹੈ ਅਤੇ ਉਸ ਨੇ ਕੋਈ ਨਾਅਰੇ ਨਹੀਂ ਲਾਏ। -ਏਜੰਸੀ