ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿਲੀ ਵਾਰ ਲਿਆ ਹਿੱਸਾ * ਪੰਜ ਨੁਕਤਿਆਂ ’ਤੇ ਹੋਏ ਸਮਝੌਤੇ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਤੈਅ ਕਰਨ ਦੇ ਯਤਨ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਨਵੀਂ ਦਿੱਲੀ, 21 ਸਤੰਬਰ

ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਨੇ ਅੱਜ ਪੰਜ ਨੁਕਤਿਆਂ ਉਤੇ ਹੋਏ ਸਮਝੌਤੇ ਨੂੰ ਲਾਗੂ ਕਰਨ ਬਾਰੇ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ ਵਿਚ ਫ਼ੌਜਾਂ ਨੂੰ ਪਿੱਛੇ ਹਟਾਉਣ ਤੇ ਗੰਭੀਰ ਤਣਾਅ ਵਾਲੀ ਸਥਿਤੀ ’ਚ ਸੁਧਾਰ ਲਿਆਉਣ ਲਈ ਕਈ ਨੁਕਤਿਆਂ ਉਤੇ ਸਹਿਮਤੀ ਬਣੀ ਹੈ। ਛੇਵੇਂ ਗੇੜ ਦੀ ਗੱਲਬਾਤ ਸਵੇਰੇ ਕਰੀਬ ਨੌਂ ਵਜੇ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਮੋਲਡੋ ਵਿਚ ਸ਼ੁਰੂ ਹੋਈ। ਚੀਨ ਦਾ ਇਹ ਇਲਾਕਾ ਭਾਰਤੀ ਚੁਸ਼ੁਲ ਸੈਕਟਰ ਦੇ ਸਾਹਮਣੇ ਪੈਂਦਾ ਹੈ।

ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਜੋ ਕਿ ਲੇਹ ਅਧਾਰਿਤ 14ਵੀਂ ਫ਼ੌਜੀ ਕੋਰ ਦੇ ਕਮਾਂਡਰ ਹਨ, ਨੇ ਕੀਤੀ। ਭਾਰਤੀ ਟੀਮ ਵਿਚ ਵਿਦੇਸ਼ ਮੰਤਰਾਲੇ ਤੋਂ ਜਾਇੰਟ ਸਕੱਤਰ ਪੱਧਰ ਦਾ ਅਧਿਕਾਰੀ ਅਤੇ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਵੀ ਸ਼ਾਮਲ ਹਨ। ਮੈਨਨ ਅਗਲੇ ਮਹੀਨੇ ਤੋਂ 14ਵੀਂ ਕੋਰ ਦੀ ਕਮਾਨ ਸੰਭਾਲਣਗੇ। ਮੀਟਿੰਗ ਦੌਰਾਨ ਭਾਰਤ ਨੇ ਪੂਰਬੀ ਲੱਦਾਖ ਵਿਚੋਂ ਚੀਨੀ ਫ਼ੌਜ ਦੇ ਜਲਦ ਤੇ ਪੂਰੇ ਤੌਰ ਉਤੇ ਪਿੱਛੇ ਹਟਣ ’ਤੇ ਜ਼ੋਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਮੀਟਿੰਗ ਚੱਲਦੀ ਨੂੰ 12 ਘੰਟੇ ਹੋ ਗਏ ਸਨ ਤੇ ਇਹ ਜਾਰੀ ਸੀ। ਇਹ ਪਹਿਲੀ ਵਾਰ ਹੈ ਕਿ ਉੱਚ ਪੱਧਰੀ ਫ਼ੌਜੀ ਸੰਵਾਦ ’ਚ ਵਿਦੇਸ਼ ਮੰਤਰਾਲੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਚੀਨ ਵੱਲੋਂ ਮੇਜਰ ਜਨਰਲ ਲਿਊ ਲਿਨ ਦੀ ਅਗਵਾਈ ’ਚ ਵਫ਼ਦ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਉਹ ਦੱਖਣੀ ਸ਼ਿਨਜਿਆਂਗ ਫ਼ੌਜੀ ਖੇਤਰ ਦੇ ਕਮਾਂਡਰ ਹਨ। ਸਰਕਾਰੀ ਸੂਤਰਾਂ ਮੁਤਾਬਕ ਅੱਜ ਹੋਈ ਗੱਲਬਾਤ ਦਾ ਏਜੰਡਾ ਸਮਝੌਤੇ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਤੈਅ ਕਰਨਾ ਸੀ।

ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਵਿਚਾਲੇ ਪੰਜ ਨੁਕਤਿਆਂ ਉਤੇ ਸਹਿਮਤੀ ਬਣੀ ਸੀ। ਦੋਵਾਂ ਵਿਚਾਲੇ ਮੀਟਿੰਗ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ ਦੇ ਇਕੱਠ ਦੌਰਾਨ 10 ਸਤੰਬਰ ਨੂੰ ਮਾਸਕੋ ਵਿਚ ਹੋਈ ਸੀ। ਸਮਝੌਤਾ ਚਾਰ ਮਹੀਨੇ ਤੋਂ ਜਾਰੀ ਸਰਹੱਦੀ ਟਕਰਾਅ ਨੂੰ ਦੂਰ ਕਰਨ ’ਤੇ ਕੇਂਦਰਤ ਹੈ। ਇਸ ਦਾ ਮੰਤਵ ਫ਼ੌਜਾਂ ਨੂੰ ਇਕ-ਦੂਜੇ ਤੋਂ ਦੂਰ ਕਰਨਾ ਤੇ ਅਜਿਹੇ ਹਾਲਾਤ ਪੈਦਾ ਹੋਣ ਤੋਂ ਰੋਕਣਾ ਹੈ ਜਿਨ੍ਹਾਂ ਕਾਰਨ ਤਣਾਅ ਵਧੇ। ਫ਼ੌਜੀ ਸੂਤਰਾਂ ਮੁਤਾਬਕ ਹਵਾਈ ਸੈਨਾ ਵਿਚ ਨਵੇਂ ਸ਼ਾਮਲ ਕੀਤੇ ਗਏ ਰਾਫ਼ਾਲ ਲੜਾਕੂ ਜਹਾਜ਼ਾਂ ਨੇ ਪੂਰਬੀ ਲੱਦਾਖ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸੇ ਵੀ ਤਰ੍ਹਾਂ ਦੀ ‘ਭੜਕਾਊ ਗਤੀਵਿਧੀ’ ਨਾਲ ਨਜਿੱਠਣ ਲਈ ਇਸ ਨਾਲ ਜੰਗੀ ਤਿਆਰੀਆਂ ਮਜ਼ਬੂਤ ਹੋਈਆਂ ਹਨ। ਇਸ ਤੋਂ ਇਲਾਵਾ ਪੂਰਬੀ ਲੱਦਾਖ ਤੇ ਹੋਰਨਾਂ ਉਚਾਈ ਵਾਲੇ ਸੈਕਟਰਾਂ ਵਿਚ ਭਾਰਤੀ ਫ਼ੌਜ ਨੇ ਵਿਆਪਕ ਇੰਤਜ਼ਾਮ ਕੀਤੇ ਹਨ। ਮੂਹਰਲੇ ਇਲਾਕਿਆਂ ਵਿਚ ਫ਼ੌਜ ਤੇ ਹਥਿਆਰਾਂ ਦੀ ਲੋੜੀਂਦੀ ਤਾਇਨਾਤੀ ਬਰਕਰਾਰ ਰੱਖੀ ਗਈ ਹੈ। ਪੈਂਗੌਂਗ ਝੀਲ ਦੇ ਦੱਖਣੀ ਤੇ ਉੱਤਰੀ ਕਿਨਾਰਿਆਂ ਅਤੇ ਟਕਰਾਅ ਵਾਲੇ ਹੋਰਨਾਂ ਸਥਾਨਾਂ ’ਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤਿੰਨ ਵਾਰ ਭਾਰਤੀ ਫ਼ੌਜ ਨੂੰ ‘ਡਰਾਉਣ-ਧਮਕਾਉਣ’ ਦਾ ਯਤਨ ਕਰ ਚੁੱਕੀ ਹੈ। ਭਾਰਤੀ ਇਲਾਕਿਆਂ ’ਤੇ ਕਬਜ਼ਾ ਕਰਨ ਦੇ ਅਸਫ਼ਲ ਯਤਨ ਵੀ ਕੀਤੇ ਗਏ ਹਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All