ਲਖਨਊ, 3 ਮਾਰਚ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਗੇੜ ਦੌਰਾਨ ਅੱਜ ਸ਼ਾਮ 7 ਵਜੇ ਤੱਕ 55.79 ਫ਼ੀਸਦ ਵੋਟਾਂ ਪਈਆਂ ਹਨ। ਇਸ ਗੇੜ ਦੌਰਾਨ 10 ਜ਼ਿਲ੍ਹਿਆਂ ਦੀਆਂ 57 ਸੀਟਾਂ ’ਤੇ 676 ਉਮੀਦਵਾਰਾਂ, ਜਿਨ੍ਹਾਂ ਵਿੱਚ ਅਹਿਮ ਚਿਹਰੇ ਗੋਰਖਪੁਰ ਸ਼ਹਿਰੀ ਹਲਕੇ ਤੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਤਮਕੂਹੀ ਰਾਜ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਸ਼ਾਮਲ ਹਨ, ਦੀ ਕਿਸਮਤ ਈਵੀਐੱਮਜ਼ ਵਿੱਚ ਬੰਦ ਹੋ ਗਈ ਹੈ। ਇਸ ਗੇੜ ਵਿੱਚ 2.15 ਕਰੋੜ ਲੋਕ ਵੋਟ ਪਾਉਣ ਲਈ ਯੋਗ ਹਨ। ਸੂਬੇ ਵਿੱਚ ਕੁੱਲ 403 ਵਿਧਾਨ ਸਭਾ ਸੀਟਾਂ ਵਿੱਚ ਹੁਣ ਤੱਕ 292 ਸੀਟਾਂ ’ਤੇ ਚੋਣ ਅਮਲ ਪੂਰਾ ਹੋ ਚੁੱਕਾ ਹੈ ਜਦਕਿ ਆਖਰੀ ਗੇੜ ਦੌਰਾਨ 54 ਸੀਟਾਂ ਲਈ ਵੋਟਾਂ 7 ਮਾਰਚ ਨੂੰ ਪੈਣਗੀਆਂ। ਭਾਰਤੀ ਚੋਣ ਕਮਿਸ਼ਨ ਦੀ ‘ਟਰਨਆਊਟ ਐਪ’ ਮੁਤਾਬਕ 5 ਵਜੇ ਤੱਕ 53.31 ਫ਼ੀਸਦ ਪੋਲਿੰਗ ਹੋਈ ਹੈ। ਵਧੀਕ ਮੁੱਖ ਚੋਣ ਅਧਿਕਾਰੀ ਬੀਡੀਆਰ ਤਿਵਾੜੀ ਨੇ ਦੱਸਿਆ ਪੋਲਿੰਗ ਸ਼ਾਂਤਮਈ ਢੰਗ ਨਾਲ ਹੋਈ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅੱਜ ਸ਼ਾਮ ਪੰਜ ਵਜੇ ਤੱਕ ਅੰਬੇਡਕਰ ਨਗਰ ਜ਼ਿਲ੍ਹੇ ਵਿੱਚ 58.68 ਫ਼ੀਸਦੀ, ਬਲਰਾਮਪੁਰ 48.41, ਸਿਧਾਰਥ ਨਗਰ 49.83, ਬਸਤੀ 54.07, ਸੰਤ ਕਬੀਰ ਨਗਰ 51.14, ਮਹਾਰਾਜਗੰਜ 57.48, ਗੋਰਖਪੁਰ 53.86, ਕੁਸ਼ੀਨਗਰ 55.1, ਦਿਓਰੀਆ 51.51 ਅਤੇ ਬਲੀਆ ਜ਼ਿਲ੍ਹੇ ਵਿੱਚ 51.74 ਵੋਟਾਂ ਪਈਆਂ ਹਨ। -ਏਜੰਸੀਆਂ
ਮੁੱਖ ਮੰਤਰੀ ਯੋਗੀ ਅਤੇ ਵਿਰੋਧੀ ਧਿਰ ਦੇ ਨੇਤਾ ਚੌਧਰੀ ਨੇ ਵੋਟ ਪਾਈ
ਅੱਜ ਛੇਵੇਂ ਗੇੜ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੁੱਢਲੀ ਸਿੱਖਿਆ ਮੰਤਰੀ ਸਤੀਸ਼ ਦਿਵੇਦੀ, ਵਿਰੋਧੀ ਧਿਰ ਦੇ ਨੇਤਾ ਰਾਮ ਗੋਵਿੰਦ ਚੌਧਰੀ, ਐੱਸਬੀਐੱਸ ਪਾਰਟੀ ਮੁਖੀ ਓਮ ਪ੍ਰਕਾਸ਼ ਰਾਜਭਰ, ਮੰਤਰੀ ਉਪੇਂਦਰ ਤਿਵਾੜੀ ਅਤੇ ਸਾਬਕਾ ਮੰਤਰੀ ਨਾਰਦ ਰਾਏ ਨੇ ਆਪਣੇ ਵੋਟ ਦੇ ਅਧਿਕਾਰ ਦੇ ਵਰਤੋਂ ਕੀਤੀ ਹੈ। ਯੋਗੀ ਆਦਿੱਤਿਆਨਾਥ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਇਸ ਸਮੇਂ ਉਹ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ।