ਗੁਹਾਟੀ, 23 ਮਈ
ਅਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਵਿਗੜ ਗਈ ਹੈ। ਸੂਬੇ ’ਚ ਦੋ ਬੱਚਿਆਂ ਸਣੇ ਛੇ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 22 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਲਗਪਗ 7.2 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ (ਏਐੱਸਡੀਐੱਮਏ) ਦੀ ਰੋਜ਼ਾਨਾ ਰਿਪੋਰਟ ਅਨੁਸਾਰ ਨਗਾਓਂ ਜ਼ਿਲ੍ਹੇ ਦੇ ਕਾਮਪੁਰ ਮਾਲ ਸਕਰਲ ਵਿੱਚ ਚਾਰ ਵਿਅਕਤੀ ਡੁੱਬ ਗਏ। ਇਸੇ ਤਰ੍ਹਾਂ ਹੋਜਾਈ ਜ਼ਿਲ੍ਹੇ ਦੇ ਦੋਬੋਕਾ ਵਿੱਚ ਇੱਕ ਵਿਅਕਤੀ ਅਤੇ ਕਚਾਰ ਦੇ ਸਿਲਚਰ ਵਿੱਚ ਹੜ੍ਹ ਕਾਰਨ ਇੱਕ ਬੱਚੇ ਦੀ ਵੀ ਮੌਤ ਹੋ ਗਈ। ਅਸਾਮ ਵਿੱਚ ਇਸ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਤੋਂ ਟੱਪ ਗਈ ਹੈ। ਏਐੱਸਡੀਐੱਮਏ ਨੇ ਦੱਸਿਆ ਕਿ ਅਸਾਮ ਦੇ ਵੱਖ ਵੱਖ ਜ਼ਿਲ੍ਹਿਆਂ ਬਾਰਪੇਟਾ, ਬਿਸਵਨਾਥ, ਕਚਾਰ, ਦਾਰੰਗ, ਗੋਲਪਾਰਾ, ਗੋਲਾਘਾਟ, ਹੇਲਾਕਾਂਡੀ, ਜੋਰਹਾਟ, ਕਾਮਰੂਪ, ਕਰਬੀ ਐਂਗਲੌਂਗ ਪੱਛਮੀ, ਕਰੀਮਗੰਜ, ਲਖੀਮਪੁਰ, ਮਜੌਲੀ, ਮੋਰੀਗਾਓਂ, ਨਗਾਓਂ, ਸੋਨਿਤਪੁਰ ਅਤੇ ਉਦਲਗੁਰੀ ਦੇ 7,19,540 ਤੋਂ ਵੀ ਵੱਧ ਲੋਕ ਪ੍ਰਭਾਵਿਤ ਹੋਏ ਹਨ। ਨਗਾਓਂ ਵਿੱਚ ਸਥਿਤੀ ਸਭ ਤੋਂ ਮਾੜੀ ਹੈ, ਜਿੱਥੇ ਹੜ੍ਹਾਂ ਕਾਰਨ ਤਕਰੀਬਨ 3.46 ਲੱਖ ਲੋਕ ਪ੍ਰਭਾਵਿਤ ਹੋਏ ਹਨ। ਮੌਜੂਦਾ ਸਮੇਂ ਦੌਰਾਨ ਸੂਬੇ ਦੇ 2,095 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਫ਼ਸਲਾਂ ਅਧੀਨ 95,473.51 ਹੈਕਟੇਅਰ ਰਕਬਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਤਹਿਤ ਵੱਖ ਵੱਖ ਸੰਸਥਾਵਾਂ ਵੱਲੋਂ 421 ਰਾਹਤ ਕੈਂਪ ਬਣਾਏ ਗਏ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 18,626 ਬੱਚਿਆਂ ਸਣੇ 91,518 ਲੋਕਾਂ ਨੂੰ ਕੈਂਪਾਂ ਵਿੱਚ ਲਿਆਂਦਾ ਜਾ ਚੁੱਕਿਆ ਹੈ। ਰਿਪੋਰਟ ਅਨੁਸਾਰ ਹੜ੍ਹਾਂ ਕਾਰਨ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਵੀ ਨੁਕਸਾਨ ਪੁੱਜਿਆ ਹੈ।
ਮੁੱਖ ਮੰਤਰੀ ਵੱਲੋਂ ਅਲਕਾ ਉਪਾਧਿਆਏ ਨਾਲ ਮੁਲਾਕਾਤ
ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਐਤਵਾਰ ਨੂੰ ਐੱਨਐਚਏਆਈ ਚੇਅਰਪਰਸਨ ਅਲਕਾ ਉਪਾਧਿਆਏ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕਰ ਕੇ ਉੱਤਰ-ਪੂਰਬੀ ਸੂਬੇ ਦੇ ਕੌਮੀ ਮਾਰਗਾਂ ਨਾਲ ਸਬੰਧਤ ਮੁੱਦੇ ’ਤੇ ਚਰਚਾ ਕੀਤੀ। ਉਨ੍ਹਾਂ ਟਵੀਟ ਕਰਦਿਆਂ ਦੱਸਿਆ, ‘‘ਮੈਂ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਕੌਮੀ ਮਾਰਗਾਂ ਦੀ ਤੁਰੰਤ ਮੁਰੰਮਤ ਕਰਨ ਅਤੇ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ’ਤੇ ਜ਼ੋਰ ਦਿੱਤਾ।’’ -ਪੀਟੀਆਈ