ਰੁਦਰਪੁਰ (ਉਤਰਾਖੰਡ), 28 ਅਗਸਤ
ਇਥੋਂ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਗੁਰਦੁਆਰੇ ’ਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੇ ਹਾਦਸਾਗ੍ਰਸਤ ਹੋਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ 34 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਮੁਤਾਬਕ ਸਿਰਸਾ ਚੌਕੀ ਨੇੜੇ ਯੂ-ਟਰਨ ਲੈਂਦੇ ਸਮੇਂ ਪੁਲਭੱਟਾ ਵੱਲੋਂ ਆ ਰਹੇ ਟਰੱਕ ਨੇ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟਰੈਕਟਰ-ਟਰਾਲੀ ’ਚ 40 ਵਿਅਕਤੀ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਕਿੱਚਾ (ਉਤਰਾਖੰਡ) ਅਤੇ ਬਹੇੜੀ (ਬਰੇਲੀ) ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਕਿੱਚਾ ਵਿੱਚ ਡਾਕਟਰਾਂ ਨੇ ਇੱਕ ਜ਼ਖ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਹੇੜੀ ਸੀਐੱਚਸੀ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਬਹੇੜੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਤੇਂਦਰ ਨੇ ਦੱਸਿਆ ਕਿ ਹਾਦਸਾ ਅੱਜ ਸਵੇਰੇ ਕਰੀਬ 10 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਕਿੱਚਾ ਵਿੱਚ ਡਾਕਟਰਾਂ ਨੇ ਬਕਸਰ ਸ਼ਕਤੀ ਫਾਰਮ ਵਾਸੀ ਭਜਨ ਸਿੰਘ (36) ਨੂੰ ਮ੍ਰਿਤਕ ਐਲਾਨਿਆ ਜਦੋਂਕਿ ਬਹੇੜੀ ਸੀਐੱਚਸੀ ਵਿੱਚ ਸੁਮਨ ਕੌਰ (15), ਗੁਰਨਾਮ ਕੌਰ (30), ਅਕਾਸ਼ਦੀਪ (8), ਰਾਜਾ (6) ਅਤੇ ਜੱਸੀ (35) ਨੂੰ ਮ੍ਰਿਤਕ ਐਲਾਨਿਆ ਗਿਆ ਹੈ। -ਪੀਟੀਆਈ