ਦੇਹਰਾਦੂਨ, 13 ਜੂਨ
ਥਲ ਸੇੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਭਾਰਤੀ ਸਰਹੱਦ ’ਤੇ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਇਹ ਦਾਅਵਾ ਅੱਜ ਭਾਰਤੀ ਫੌਜ ਅਕਾਦਮੀ, ਦੇਹਰਾਦੂਨ ਵਿੱਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਨੇਪਾਲ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਾਡੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਰਹਿਣਗੇ। ਜਨਰਲ ਨਰਵਾਣੇ ਨੇ ਕਿਹਾ ਕਿ ਚੀਨ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਉਮੀਦ ਜਤਾਈ ਕਿ ਭਾਰਤ ਵੱਲੋਂ ਲਗਾਤਾਰ ਕੀਤੇ ਜਾ ਰਹੇ ਸੰਵਾਦ ਰਾਹੀਂ ਅਸੀਂ ਸਾਰੇ ਅੜਿੱਕੇ ਅਤੇ ਮਦਭੇਦ ਹੱਲ ਕਰ ਲਿਆਂਗੇ। ਉਨ੍ਹਾਂ ਕਿਹਾ ਕਿ ਹਾਲਾਤ ਕਾਬੂ ਹੇਠ ਹਨ। ਫੌਜ ਮੁਖੀ ਨੇ ਨੇਪਾਲ ਦੇ ਮੁੱਦੇ ’ਤੇ ਕਿਹਾ ਕਿ ਸਾਡੇ ਨੇਪਾਲ ਨਾਲ ਭੁਗੌਲਿਕ, ਸਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਸਬੰਧ ਹਨ। ਨੇਪਾਲ ਨਾਲ ਸਾਡੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ ਤੇ ਭਵਿੱਖ ਵਿੱਚ ਵੀ ਰਹਿਣਗੇ।
ਮੁਲਕ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ
ਕੈਡਿਟਾਂ ਨੂੰ ਸੰਬੋਧਨ ਕਰਦਿਆਂ ਫੌਜ ਮੁਖੀ ਨੇ ਕਿਹਾ ਕਿ ਮੁਲਕ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਮੁਲਕ ਦੀ ਸੁਰੱਖਿਆ ਅਤੇ ਸਨਮਾਨ ਫੌਜ ਦੇ ਨੌਜਵਾਨ ਅਧਿਕਾਰੀਆਂ ਦੀ ਕਾਬਲੀਅਤ ਅਤੇ ਸਮਰੱਥਾ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੁਣੌਤੀਪੂਰਨ ਮਾਹੌਲ ਵਿੱਚ ਫੌਜ ਵਿੱਚ ਅਧਿਕਾਰੀਆਂ ਵੱਜੋਂ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਉੱਚ ਪੱਧਰੀ ਫੌਜੀ ਟਰੇਨਿੰਗ ਉਨ੍ਹਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰੇਗੀ। ਪਰੇਡ ਵਿੱਚ ਕੁਲ 423 ਰੰਗਰੂਟਾਂ ਨੇ ਹਿਸਾ ਲਿਆ ਜਿਨ੍ਹਾਂ ਵਿਚੋਂ 333 ਭਾਰਤੀ ਅਤੇ 90 ਵਿਦੇਸ਼ੀ ਮੁਲਕਾਂ ਦੇ ਹਨ।