ਸ੍ਰੀਨਗਰ, 3 ਸਤੰਬਰ
ਡੀਜੀਪੀ ਦਿਲਬਾਗ ਸਿੰਘ ਨੇ ਅੱਜ ਕਿਹਾ ਕਿ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ ਹਨ। ਜੰਮੂ-ਕਸ਼ਮੀਰ ਪੁਲੀਸ ਮੁਖੀ ਨੇ ਇਹ ਵੀ ਕਿਹਾ ਕਿ ਸੰਚਾਰ (ਟੈਲੀਫੋਨ ਅਤੇ ਇੰਟਰਨੈੱਟ ਸੇਵਾਵਾਂ) ਪਾਬੰਦੀਆਂ ’ਚ ਢਿੱਲ ਦੇਣ ਸਬੰਧੀ ਜਲਦੀ ਹੀ ਨਜ਼ਰਸਾਨੀ ਮੀਟਿੰਗ ਵੀ ਕੀਤੀ ਜਾਵੇਗੀ। ਉੱਤਰੀ ਕਸ਼ਮੀਰ ਦੇ ਬਾਰਮੂਲਾ ਜ਼ਿਲ੍ਹੇ ’ਚ ਡੀਜੀਪੀ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, ‘ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਲੰਘੇ ਦੋ ਦਿਨਾਂ ’ਚ ਇੱਕ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਲੋਕ ਸਹਿਯੋਗ ਦੇ ਰਹੇ ਹਨ ਅਤੇ ਸੁਰੱਖਿਆ ਬਲ ਸਬਰ ਨਾਲ ਕੰਮ ਰਹੇ ਹਨ। ਹਰ ਜਗ੍ਹਾ ਸ਼ਾਂਤੀ ਬਣਾਈ ਰੱਖਣ ਲਈ, ਮੈਂ ਲੋਕਾਂ ਨੂੰ ਵਧਾਈ ਦਿੰਦਾ ਹਾਂ।’ ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਸ੍ਰੀਨਗਰ ਵਿੱਚ ਗਿਲਾਨੀ (91) ਦੇ ਇੰਤਕਾਲ ਮਗਰੋਂ ਪ੍ਰਸ਼ਾਸਨ ਵੱਲੋਂ ਆਵਾਜਾਈ ਅਤੇ ਸੰਚਾਰ ਸਾਧਨਾਂ ਦੀ ਵਰਤੋਂ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਇਹ ਪੁੱਛਣ ’ਤੇ ਕਿ, ਕੀ ਅਫ਼ਗਾਨਿਸਤਾਨ ਦੀ ਸਥਿਤੀ ਦਾ ਕਸ਼ਮੀਰ ’ਤੇ ਅਸਰ ਪੈ ਸਕਦਾ ਹੈੈੈ?, ਡੀਜੀਪੀ ਨੇ ਕਿਹਾ, ‘ਡਰਨ ਵਾਲੀ ਕੋਈ ਗੱਲ ਨਹੀਂ ਹੈ, ਸਭ ਕੁਝ ਠੀਕ-ਠਾਕ ਹੈ।’ ਘਾਟੀ ’ਚੋਂ ਕੁਝ ਨੌਜਵਾਨਾਂ ਦੇ ਤਾਲਿਬਾਨ ’ਚ ਸ਼ਾਮਲ ਹੋਣ ਦੀ ਖਬਰਾਂ ਬਾਰੇ ਪੁਲੀਸ ਮੁਖੀ ਨੇ ਕਿਹਾ, ‘ਇਹ ਪੂਰੀ ਤਰ੍ਹਾਂ ਗਲਤ ਅਤੇ ਝੂਠੀਆਂ ਖ਼ਬਰਾਂ ਹਨ।’ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਖ਼ਬਰਾਂ ਪਾਕਿਸਤਾਨ ਅਤੇ ਪਾਕਿਸਤਾਨ ਪੱਖੀ ਏਜੰਟਾਂ ਦਾ ਖ਼ਤਰਨਾਕ ਏਜੰਡਾ ਹਨ।’ ਸ੍ਰੀ ਸਿੰਘ ਨੇ ਕਿਹਾ ਕਿ ਸਭ ਕੁਝ ਠੀਕ ਹੈ। ਨੌਜਵਾਨ ਕ੍ਰਿਕਟ, ਵਾਲੀਬਾਲ, ਰਗਬੀ ਖੇਡ ਰਹੇ ਹਨ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਇਹ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ? ਇੱਥੇ ਹਰ ਬੱਚਾ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ, ਕੋਈ ਵੀ ਉਸ (ਦਹਿਸ਼ਤਗਰਦੀ ਦੇ) ਰਸਤੇ ’ਤੇ ਨਹੀਂ ਜਾ ਰਿਹਾ।’ -ਪੀਟੀਆਈ