ਨਵੀਂ ਦਿੱਲੀ, 3 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸ਼ੁੱਕਰਵਾਰ ਤਿਲੰਗਾਨਾ ਦੇ ਆਪਣੇ ਦੌਰੇ ਦੌਰਾਨ ਇਕ ਜ਼ਿਲ੍ਹਾ ਕੁਲੈਕਟਰ ਦੀ ਝਾੜ-ਝੰਬ ਕੀਤੇ ਜਾਣ ’ਤੇ ਵਿਵਾਦ ਖੜ੍ਹਾ ਹੋ ਗਿਆ। ਸੀਤਾਰਾਮਨ ਨੇ ਕਮਾਰੈੱਡੀ ਦੇ ਦੌਰੇ ਮੌਕੇ ਉਸ ਵੇਲੇ ਅਧਿਕਾਰੀ ਜਿਤੇਸ਼ ਪਾਟਿਲ ਦੀ ਖਿਚਾਈ ਕੀਤੀ ਜਦ ਕੁਲੈਕਟਰ ਰਾਸ਼ਨ ਡਿਪੂਆਂ ਰਾਹੀਂ ਦਿੱਤੇ ਜਾਂਦੇ ਚੌਲਾਂ ਵਿਚ ਰਾਜ ਅਤੇ ਕੇਂਦਰ ਦੀ ਹਿੱਸੇਦਾਰੀ ਬਾਰੇ ਵਿੱਤ ਮੰਤਰੀ ਨੂੰ ਕੋਈ ਜਵਾਬ ਨਹੀਂ ਦੇ ਸਕਿਆ।
ਸੀਤਾਰਾਮਨ ਜ਼ਹੀਰਾਬਾਦ ਲੋਕ ਸਭਾ ਹਲਕੇ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਪੁੱਜੀ ਸੀ। ਇਹ ਸਮਾਗਮ ਭਾਜਪਾ ਦੀ ‘ਲੋਕ ਸਭਾ ਪਰਵਾਸ ਯੋਜਨਾ’ ਤਹਿਤ ਕਰਵਾਏ ਗਏ ਸਨ। ਇਸ ਮੌਕੇ ਵਿੱਤ ਮੰਤਰੀ ਨੇ ਰਾਸ਼ਨ ਦੀ ਦੁਕਾਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾ ਲੱਗੀ ਹੋਣ ’ਤੇ ਵੀ ਪਾਟਿਲ ਨੂੰ ਸਵਾਲ ਕੀਤਾ। ਸੀਤਾਰਾਮਨ ਨੇ ਕਿਹਾ ਕਿ ਕੇਂਦਰ ਸਰਕਾਰ ਚੌਲਾਂ ’ਤੇ ਵੱਡੀ ਸਬਸਿਡੀ ਦੇ ਰਹੀ ਹੈ ਜੋ ਕਿ ਲਾਭਪਾਤਰੀਆਂ ਨੂੰ ਰਾਜ ਵਿਚ ਇਕ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਉਤੇ ਦਿੱਤੇ ਜਾ ਰਹੇ ਹਨ। ਸੀਤਾਰਾਮਨ ਦੇ ਦਫ਼ਤਰ ਵੱਲੋਂ ਕੀਤੇ ਗਏ ਇਕ ਟਵੀਟ, ਜਿਸ ਵਿਚ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲਬਾਤ ਵੀ ਹੈ, ਨੂੰ ਟੈਗ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਕੌਮੀ ਭੋਜਨ ਸੁਰੱਖਿਆ ਐਕਟ ਡਾ. ਮਨਮੋਹਨ ਸਿੰਘ ਨੇ ਸਤੰਬਰ 2013 ਵਿਚ ਲਿਆਂਦਾ ਸੀ। ਇਹ ਆਸ ਨਹੀਂ ਕੀਤੀ ਜਾਂਦੀ ਕਿ ਸਿਆਸੀ ਆਗੂਆਂ ਦੀਆਂ ਫੋਟੋਆਂ ਸਿਹਰਾ ਲੈਣ ਲਈ ਵਰਤੀਆਂ ਜਾਣ। ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਲਈ ਕੀਤਾ ਗਿਆ ਇਹ ਨਾਟਕ ਵਿੱਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।’
ਦੱਸਣਯੋਗ ਹੈ ਕਿ ਸੀਤਾਰਾਮਨ ਦੇ ਦਫ਼ਤਰ ਨੇ ਟਵੀਟ ਵਿਚ ਲਿਖਿਆ ਸੀ ਕਿ, ‘ਯੋਜਨਾ ਤਹਿਤ ਅਨਾਜ ਦੀ 80 ਪ੍ਰਤੀਸ਼ਤ ਤੋਂ ਵੱਧ ਕੀਮਤ ਮੋਦੀ ਸਰਕਾਰ ਅਦਾ ਕਰ ਰਹੀ ਹੈ। ਕੀ ਰਾਸ਼ਨ ਦੁਕਾਨਾਂ ਉਤੇ ਪ੍ਰਧਾਨ ਮੰਤਰੀ ਮੋਦੀ ਦੇ ਪੋਸਟਰ-ਬੈਨਰ ਲਾਉਣ ਉਤੇ ਕੋਈ ਇਤਰਾਜ਼ ਹੈ?’ -ਪੀਟੀਆਈ
‘ਭਾਰਤ ’ਚ ਮੰਦੀ ਦੀ ਸੰਭਾਵਨਾ ਸਿਫ਼ਰ’
ਹੈਦਰਾਬਾਦ ਵਿੱਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਦੇਸ਼ ਵਿੱਚ ਮੰਦੀ ਸੰਭਾਵਨਾ ਸਿਫ਼ਰ ਹੈ। ਇਸ ਦੇ ਨਾਲ ਹੀ ਉਨ੍ਹਾਂ ਆਸ ਜਤਾਈ ਕਿ ਇਸ ਵਿੱਤੀ ਵਰ੍ਹੇ ਵਿਚ ਭਾਰਤ ਦਹਾਈ ਦੇ ਅੰਕੜੇ ਦੀ ਜੀਡੀਪੀ ਹਾਸਲ ਕਰ ਲਏਗਾ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਮਜ਼ਬੂਤ ਹੈ।