ਟ੍ਰਿਬਿਊਨ ਨਿਊਜ਼ ਸਰਵਿਸ
ਰੋਹਤਕ, 8 ਨਵੰਬਰ
ਬਰਗਾੜੀ ਬੇਅਦਬੀ ਮਾਮਲੇ ਵਿਚ ਪੰਜਾਬ ਪੁਲੀਸ ਦੀ ਐੱਸਆਈਟੀ (ਸਿਟ) ਨੇ ਅੱਜ ਸੁਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਤੋਂ 8 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਜੇਲ੍ਹ ਕੰਪਲੈਕਸ ਵਿਚ ਸੁਰੱਖਿਆ ਦੇ ਵਾਧੂ ਇੰਤਜ਼ਾਮ ਕੀਤੇ ਗਏ ਸਨ। ਐੱਸਆਈਟੀ ਦੇ ਨਾਲ ਆਈਆਂ ਗੱਡੀਆਂ ਦੀ ਵੀ ਪੁਲੀਸ ਨੇ ਜਾਂਚ ਕੀਤੀ। ਐੱਸਆਈਟੀ ਨੇ ਕਾਗਜ਼ੀ ਕਾਰਵਾਈ ਕੀਤੀ ਤੇ ਵਕੀਲਾਂ ਦੇ ਸਾਹਮਣੇ ਰਾਮ ਰਹੀਮ ਤੋਂ ਬੇਅਦਬੀ ਮਾਮਲੇ ਵਿਚ ਸਵਾਲ ਪੁੱਛੇ । ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੇ ਕੁਝ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਇਸ ਮੌਕੇ ਰਾਮ ਰਹੀਮ ਦੇ ਲਿਖਤੀ ਬਿਆਨ ਵੀ ਦਰਜ ਕੀਤੇ ਗਏ। ਸੋਮਵਾਰ ਸਵੇਰੇ ਸਾਢੇ ਨੌਂ ਵਜੇ ਪੰਜਾਬ ਪੁਲੀਸ ਦੇ ਆਈਜੀ ਸੁਰਿੰਦਰਪਾਲ ਦੀ ਅਗਵਾਈ ਵਿਚ ਐੱਸਆਈਟੀ ਜੇਲ੍ਹ ਪਹੁੰਚੀ। ਟੀਮ ਸਵਾਲਾਂ ਦੀ ਸੂਚੀ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਰਾਮ ਰਹੀਮ ਦੇ ਵਕੀਲ ਮੌਜੂਦ ਸਨ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਜਾਣਾ ਚਾਹੁੰਦੀ ਸੀ ਪਰ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ ਤੇ ਜੇਲ੍ਹ ਵਿਚ ਹੀ ਪੁੱਛਗਿੱਛ ਕਰਨ ਲਈ ਕਿਹਾ ਸੀ। 2015 ਵਿਚ ਦਰਜ ਹੋਏ ਇਸ ਕੇਸ ਵਿਚ ਪਹਿਲਾਂ ਚਾਰ ਏਜੰਸੀਆਂ ਜਾਂਚ ਕਰ ਚੁੱਕੀਆਂ ਹਨ।