ਤਿਰੂਵਨੰਤਪੁਰਮ, 23 ਦਸੰਬਰ
ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕੇਰਲ ਦੇ ਕੋਟਾਯਮ ਵਿੱਚ 28 ਸਾਲ ਪਹਿਲਾਂ ਹੋਈ ਸਿਸਟਰ ਅਭਿਆ ਦੀ ਹੱਤਿਆ ਦੇ ਦੋਸ਼ੀ ਪਾਏ ਗਏ ਕੈਥੋਲਿਕ ਪਾਦਰੀ ਤੇ ਸਾਧਵੀ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਕੇ ਸਨਲ ਕੁਮਾਰ ਨੇ ਕੈਥੋਲਿਕ ਚਰਚ ਦੇ ਪਾਦਰੀ ਥਾਮਸ ਕੋਟੂਰ ਅਤੇ ਸਾਧਵੀ ਸੇਫੀ ਨੂੰ ਸਜ਼ਾ ਸੁਣਾਈ ਤੇ ਪੰਜ ਪੰਜ ਲੱਖ ਰੁਪਏ ਜੁਰਮਾਨਾ ਵੀ ਕੀਤਾ। ਅਦਾਲਤ ਨੇ ਬੀਤੇ ਦਿਨ ਦੋਵਾਂ ਨੂੰ ਸਿਸਟਰ ਅਭਿਆ ਦੀ ਹੱਤਿਆ ਦਾ ਦੋਸ਼ੀ ਪਾਇਆ ਸੀ, ਜਿਸ ਦੀ ਲਾਸ਼ 1992 ਵਿੱਚ ਕੋਟਾਯਮ ਦੇ ਸੇਂਟ ਪਾਯਸ ਕਾਨਵੈਂਟ ਵਿੱਚ ਇੱਕ ਖੂਹ ਵਿੱਚੋਂ ਮਿਲੀ ਸੀ। ਪਾਦਰੀ ਤੇ ਸਾਧਵੀ ਨੂੰ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਵੀ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵੇਂ ਸਜ਼ਾਵਾਂ ਨਾਲ ਨਾਲ ਚੱਲਣਗੀਆਂ। ਅਦਾਲਤ ਨੇ ਬੀਤੇ ਦਿਨ ਕਿਹਾ ਸੀ ਕਿ ਪਾਦਰੀ ਤੇ ਸਾਧਵੀ ਦੇ ਖ਼ਿਲਾਫ਼ ਕਤਲ ਦੇ ਦੋਸ਼ ਸਹੀ ਪਾਏ ਗਏ ਹਨ। -ਪੀਟੀਆਈ