ਨਵੀਂ ਦਿੱਲੀ, 8 ਅਪਰੈਲ
‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ 11 ਅਪਰੈਲ ਨੂੰ ਗੁਜਰਾਤ ਦੇ ਦੌਰੇ ’ਤੇ ਜਾਣਗੇ। ਸਿਸੋਦੀਆ ਨੇ ਦੱਸਿਆ ਕਿ ਉਹ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਉਥੋਂ ਦੇ ਸਕੂਲਾਂ ਲਈ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਵਗਾਨੀ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ’ਚ ਉਸ ਨੇ ਕਿਹਾ ਸੀ ਕਿ ਜਿਹੜੇ ਵਿਅਕਤੀਆਂ ਨੂੰ ਸੂਬੇ ਦੇ ਸਕੂਲ ਪਸੰਦ ਨਹੀਂ ਹਨ, ਉਹ ਕਿਸੇ ਹੋਰ ਸੂਬੇ ’ਚ ਚਲੇ ਜਾਣ। ਸਿਸੋਦੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਬਿਆਨ ’ਚ ਹੰਕਾਰ ਨਜ਼ਰ ਆਉਂਦਾ ਹੈ। ਇਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਆਸ ਜਤਾਈ ਕਿ ਗੁਜਰਾਤ ਸਰਕਾਰ ਨੇ ਸੂਬੇ ’ਚ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਲਈ ਕੁਝ ਕੰਮ ਜ਼ਰੂਰ ਕੀਤਾ ਹੋਵੇਗਾ। ‘ਮੈਂ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਪਿਛਲੇ 27 ਸਾਲਾਂ ’ਚ ਗੁਜਰਾਤ ਦੇ ਸਿੱਖਿਆ ਖੇਤਰ ’ਚ ਕਿੰਨਾ ਕੰਮ ਕੀਤਾ ਹੈ।’ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਨੇ ਉਥੇ ਕੋਈ ਕੰਮ ਨਹੀਂ ਕੀਤਾ ਹੈ ਤਾਂ ਗੁਜਰਾਤ ਦੇ ਲੋਕਾਂ ਨੇ ਪਹਿਲਾਂ ਹੀ ‘ਆਪ’ ਨੂੰ ਫ਼ਤਵਾ ਦੇਣ ਦਾ ਮਨ ਬਣਾ ਲਿਆ ਹੈ। ਭਾਜਪਾ ਆਗੂ ਵਗਾਨੀ ਨੇ ਕਿਹਾ ਕਿ ਉਹ ਸੂਬੇ ਅਤੇ ਉਥੋਂ ਦੇ ਲੋਕਾਂ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਿਆਨ ਨੂੰ ਨਿਸ਼ਾਨਾ ਬਣਾ ਕੇ ਸੂਬੇ ’ਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। -ਪੀਟੀਆਈ