ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਹਰਿਆਣਾ ਨੂੰ ਦਿੱਲੀ ਨਾਲ ਜੋੜਦੀ ਸਰਹੱਦ ’ਤੇ ਰੋਜ਼ਾਨਾ ਸਵੇਰੇ ਕਈ ਥਾਵਾਂ ਉਪਰ ਚੱਲਦੇ ਗੁਰਬਾਣੀ ਪ੍ਰਵਾਹ ਨਾਲ ਸਿੰਘੂ ਬਾਰਡਰ ਧਾਰਮਿਕ ਰੰਗ ਵਿੱਚ ਰੰਗਿਆ ਜਾਂਦਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਡਾਲ ਵਿੱਚ ਸਵੇਰੇ-ਸਵੇਰੇ ਕਥਾ ਪ੍ਰਵਾਹ ਚੱਲਦਾ ਹੈ। ਸੰਗਤ ਬਿਰਤੀ ਜੋੜ ਕੇ ਪ੍ਰਚਾਰਕਾਂ ਤੋਂ ਧਾਰਮਿਕ ਵਿਚਾਰ ਸੁਣਦੀ ਹੈ। ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੁੰਨੀ ਤੋਂ ਆਈ ਗੁਰਵਿੰਦਰ ਕੌਰ ਯੂਕੇਜੀ ਵਿੱਚ ਪੜ੍ਹਦੇ ਆਪਣੇ 6 ਸਾਲਾ ਪੁੱਤ ਮਨਸੁੱਖ ਸਿੰਘ ਨਾਲ ਰੋਜ਼ਾਨਾ ਕਥਾ ਸੁਣਦੀ ਹੈ। ਉਹ ਇੱਥੇ ਹਫ਼ਤੇ ਤੋਂ ਧਰਨੇ ਵਿੱਚ ਸ਼ਾਮਲ ਹੋਣ ਆਈ ਹੈ। ਪੀਐੱਚ.ਡੀ. ਕੀਤੀ ਇਹ ਸੁਆਣੀ ਇੱਥੇ ਵੀ ਕੁਦਰਤੀ ਖੇਤੀ ਦੇ ਫ਼ਾਇਦੇ ਗਿਣਾ ਰਹੀ ਹੈ। ਉਹ ਆਰਗੈਨਿਕ ਖੇਤੀ ਤਹਿਤ ਸਬਜ਼ੀਆਂ ਬੀਜਣ ਦਾ ਪ੍ਰਚਾਰ ਵੀ ਪੰਜਾਬ ਵਿੱਚ ਕਰਦੀ ਹੈ।
ਬਾਬਾ ਬੁੱਢਾ ਦਲ ਨੇ ਵੀ ਪੁਲੀਸ ਰੋਕਾਂ ਕੋਲ ਬੱਸ ਖੜ੍ਹੀ ਕਰਕੇ ਸ਼ਾਨਦਾਰ ਟੈਂਟ ਲਾ ਰੱਖਿਆ ਹੈ ਤੇ ਇੱਥੇ ਸਵੇਰੇ ਪਾਠ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਮੜੀਆਂ ਵਾਲਾ ਤੋਂ ਨਿਹੰਗਾਂ ਦੇ ਜੱਥੇ ਵੱਲੋਂ ਟੀਡੀਆਈ ਮਾਲ ਦੇ ਹਰਿਆਲੀ ਵਾਲੀ ਥਾਂ ਉਪਰ ਟੈਂਟ ਗੱਡ ਕੇ ਪਾਠ ਕੀਤਾ ਜਾਂਦਾ ਹੈ ਤੇ ਗੁਰਬਾਣੀ ਵਿਚਾਰ ਸਾਂਝੇ ਕੀਤੇ ਜਾਂਦੇ ਹਨ। ਸਿੰਘਾਂ ਦੀ ਇਸ ਚੱਲਦੀ ਵਹੀਰ ਨਾਲ ਘੋੜੇ ਵੀ ਲਿਆਂਦੇ ਹੋਏ ਹਨ। ਇਸੇ ਤਰ੍ਹਾਂ ਰੋਪੜ ਦੇ ਪੰਜੋਲਾ ਪਿੰਡ ਤੋਂ ਧਰਨੇ ਵਿੱਚ ਸ਼ਾਮਲ ਲੋਕਾਂ ਵੱਲੋਂ ਸਵੇਰੇ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਿਸਾਨਾਂ ਲਈ ਲਾਏ ਹੋਏ ਪੰਡਾਲਾਂ ਵਿੱਚ ਗੁਰਬਾਣੀ ਪ੍ਰਵਾਹ ਰੋਜ਼ਾਨਾ ਚੱਲਦਾ ਹੈ। ਕਈ ਟਰਾਲੀਆਂ ਵਿੱਚ ਛੋਟੇ ਸਪੀਕਰ ਲਾ ਕੇ ਸੁਖਮਨੀ ਸਾਹਿਬ ਤੇ ਰਹਿਰਾਸ ਦੇ ਪਾਠ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਹੈ।