ਬੰਗਲੂਰੂ, 22 ਜੁਲਾਈ
ਕਰਨਾਟਕ ਦੇ ਮੁੱਖ ਮੰਤਰੀ ਵਜੋਂ ਹਟਾਏ ਜਾਣ ਦਾ ਸੰਕੇਤ ਦਿੰਦਿਆਂ ਬੀਐੱਸ ਯੇਦੀਯੁਰੱਪਾ ਨੇ ਅੱਜ ਕਿਹਾ ਕਿ ਜੇਕਰ ਭਾਜਪਾ ਦੇ ਕੇਂਦਰੀ ਆਗੂ ਉਨ੍ਹਾਂ ਨੂੰ ਕਹਿਣਗੇ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਜਪਾ ਹਾਈ ਕਮਾਂਡ ਵੱਲੋਂ 25 ਜੁਲਾਈ ਤੋਂ ਬਾਅਦ ਸੁਣਾਏ ਜਾਣ ਵਾਲੇ ਕਿਸੇ ਵੀ ਫ਼ੈਸਲੇ ਨੂੰ ਮੰਨਣ ਨੂੰ ਤਿਆਰ ਹਨ। 26 ਜੁਲਾਈ ਨੂੰ ਯੇਦੀਯੁਰੱਪਾ ਸਰਕਾਰ ਦੇ ਦੋ ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ, ‘ਮੈਂ ਆਪਣੇ ਹਮਾਇਤੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਾਰਟੀ ਦੇ ਕੇਂਦਰੀ ਆਗੂਆਂ ਦੇ ਕਿਸੇ ਵੀ ਫ਼ੈਸਲੇ ’ਤੇ ਕੋਈ ਰੋਸ ਮੁਜ਼ਾਹਰਾ ਨਾ ਕਰਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਮੇਰੇ ਪ੍ਰਤੀ ਵਿਸ਼ੇਸ਼ ਸਨੇਹ ਤੇ ਵਿਸ਼ਵਾਸ ਹੈ। ਮੈਨੂੰ ਉਨ੍ਹਾਂ ਦਾ ਫ਼ੈਸਲਾ 25 ਜੁਲਾਈ ਨੂੰ ਮਿਲੇਗਾ ਤੇ ਉਸ ਦੇ ਆਧਾਰ ’ਤੇ ਮੈਂ ਕੋਈ ਨਵੀਂ ਜ਼ਿੰਮੇਵਾਰੀ ਸੰਭਾਲਾਂਗਾ।’ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਲੋਕਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਹੋ ਗਈ ਹੈ ਪਰ ਮੇਰੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ 78 ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ ਮੈਨੂੰ ਮੌਕਾ ਦਿੱਤਾ।
ਉਨ੍ਹਾਂ ਕਿਹਾ ਕਿ 25 ਜੁਲਾਈ ਨੂੰ ਕੇਂਦਰੀ ਆਗੂ ਉਨ੍ਹਾਂ ਨੂੰ ਜੋ ਵੀ ਨਿਰਦੇਸ਼ ਦੇਣਗੇ, ਉਸ ਦੇ ਆਧਾਰ ’ਤੇ ਉਹ 26 ਜੁਲਾਈ ਤੋਂ ਆਪਣਾ ਕੰਮ ਸ਼ੁਰੂ ਕਰਨਗੇ। ਉਨ੍ਹਾਂ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਸਿਲਸਿਲੇ ’ਚ 26 ਜੁਲਾਈ ਨੂੰ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਹੈ। ਪ੍ਰਗਰਾਮ ’ਚ ਸ਼ਾਮਲ ਹੋਣ ਮਗਰੋਂ ਉਹ ਕੌਮੀ ਪ੍ਰਧਾਨ ਦੇ ਨਿਰਦੇਸ਼ਾਂ ਦਾ ਪਾਲਣ ਕਰਨਗੇ। -ਪੀਟੀਆਈ