ਗੁਹਾਟੀ, 28 ਜੂਨ
ਅਸਾਮ ਵਿੱਚ ਜ਼ਿਆਦਾਤਰ ਦਰਿਆਵਾਂ ’ਚ ਪਾਣੀ ਦਾ ਪੱਧਰ ਘਟਣ ਕਰਕੇ ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਸੰਕੇਤ ਨਜ਼ਰ ਆਏ ਰਹੇ ਹਨ ਪਰ ਹਾਲੇ ਵੀ 21 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ। ਕਛਾਰ ਅਤੇ ਸਿਲਚਰ ਸ਼ਹਿਰ ਦੇ ਜ਼ਿਆਦਾਤਰ ਇਲਾਕੇ ਹਫ਼ਤੇ ਤੋਂ ਵੱਧ ਸਮੇਂ ਤੋਂ ਪਾਣੀ ਵਿੱਚ ਡੁੱਬੇ ਹੋਏ ਹਨ।
ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ਏਐੱਸਡੀਐੱਮਏ) ਅਨੁਸਾਰ ਬੀਤੇ 24 ਘੰਟਿਆਂ ਵਿੱਚ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਣ ਮਗਰੋਂ ਹੜ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 134 ਹੋ ਗਈ ਹੈ ਜਦਕਿ ਇੱਕ ਵਿਅਕਤੀ ਲਾਪਤਾ ਹੈ। ਕੋਪਿਲੀ ਅਤੇ ਬਰਾਕ ਨੂੰ ਛੱਡ ਕੇ ਬਾਕੀ ਜ਼ਿਆਦਾਤਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਰਣਜੀਤ ਕੁਮਾਰ ਦਾਸ ਨਾਲ ਬੈਜਲੀ ਜ਼ਿਲ੍ਹੇ ਦੇ ਕੁਵਾੜਾ ਵਿੱਚ ਬੰਨ੍ਹ ਟੁੱਟਣ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਸਿਲਚਰ ਵਿੱਚ ਹਫ਼ਤੇ ਤੋਂ ਵੱਧ ਸਮੇਂ ਤੋਂ ਪਾਣੀ ਭਰਿਆ ਹੋਇਆ ਹੈ। ਕਛਾਰ ਦੇ ਡਿਪਟੀ ਕਮਿਸ਼ਨਰ ਕੀਰਤੀ ਜੱਲੀ ਨੇ ਦੱਸਿਆ ਕਿ ਦੁਧ ਪਾਟਿਲ, ਚਾਮਰਾ ਗੁਡਾਮ ਤੇ ਸਿਲਚਰ ਰੇਲਵੇ ਸਟੇਸ਼ਨ ਵਰਗੇ ਇਲਾਕਿਆਂ ਵਿੱਚ ਨੁਕਾਸਨ ਦਾ ਮੁਲਾਂਕਣ ਕਰਨ ਲਈ ਡਰੋਨ ਰਾਹੀਂ ਸਰਵੇਖਣ ਸ਼ੁਰੂ ਕਰ ਦਿਤਾ ਗਿਆ ਹੈੈ। ਇਸ ਮੌਕੇ ਮੁੱਖ ਸਕੱਤਰ ਜਿਸ਼ਨੂ ਬਰੂਆ ਨੇ ਸੰਚਾਰ ਦੀ ਬਹਾਲੀ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਡਿਜੀਟਲ ਮੀਟਿੰਗ ਕੀਤੀ। -ਪੀਟੀਆਈ