ਨਵੀਂ ਦਿੱਲੀ, 27 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੁਲਕ ’ਚ ਕਰੋਨਾ ਦੀ ਦੂਜੀ ਲਹਿਰ ਨੂੰ ਮੋੜਾ ਪੈਣ ਦੇ ਸੰਕੇਤ ਮਿਲੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ’ਚ ਕਰੋਨਾ ਦੇ ਨਵੇਂ ਕੇਸਾਂ ’ਚ ਲਗਾਤਾਰ ਗਿਰਾਵਟ ਦਰਜ ਹੋਈ ਹੈ। ਪਿਛਲੇ ਇਕ ਹਫ਼ਤੇ ਤੋਂ 24 ਸੂਬਿਆਂ ’ਚ ਸਰਗਰਮ ਕੇਸ ਘਟੇ ਹਨ। ਮੰਤਰਾਲੇ ਨੇ ਭਰੋਸਾ ਪ੍ਰਗਟਾਇਆ ਕਿ ਜਦੋਂ ਪਾਬੰਦੀਆਂ ’ਚ ਰਾਹਤ ਦਿੱਤੀ ਜਾਵੇਗੀ ਤਾਂ ਕੋਵਿਡ-19 ਦੀ ਦੂਜੀ ਲਹਿਰ ’ਚ ਹੋਰ ਨਿਘਾਰ ਆਵੇਗਾ। ਕੇਂਦਰ ਨੇ ਨਿਊਯਾਰਕ ਟਾਈਮਜ਼ ਦੀ ਕੋਵਿਡ-19 ਕਾਰਨ ਭਾਰਤ ’ਚ ਅੰਦਾਜ਼ਨ ਮੌਤਾਂ ਬਾਰੇ ਦਿੱਤੀ ਗਈ ਰਿਪੋਰਟ ਨੂੰ ‘ਬਿਲਕੁਲ ਆਧਾਰਹੀਣ ਅਤੇ ਝੂਠਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਕਿਸੇ ਪ੍ਰਮਾਣ ’ਤੇ ਨਹੀਂ ਸਗੋਂ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅੰਦਾਜ਼ਿਆਂ ’ਤੇ ਆਧਾਰਿਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ ਕਾਰਨ ਭਾਰਤ ’ਚ ਅੰਦਾਜ਼ਨ 6 ਲੱਖ ਮੌਤਾਂ ਹੋ ਸਕਦੀਆਂ ਹਨ ਪਰ ਜੇਕਰ ਮੌਜੂਦਾ ਹਾਲਾਤ ਦੇਖੀਏ ਤਾਂ ਅੰਦਾਜ਼ਨ 16 ਲੱਖ ਮੌਤਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਜੇਕਰ ਹਾਲਾਤ ਹੋਰ ਵਿਗੜੇ ਤਾਂ 42 ਲੱਖ ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ। ਇਸ ਰਿਪੋਰਟ ਨੂੰ ਨਕਾਰਦਿਆਂ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਇਹ ਕਿਸੇ ਤੱਥ ’ਤੇ ਆਧਾਰਿਤ ਅੰਕੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਹਰ ਕੇਸ ਅਤੇ ਮੌਤਾਂ ਦਾ ਹਵਾਲਾ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ ਕਿ ਰਿਪੋਰਟ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਅੰਦਾਜ਼ੇ ’ਤੇ ਆਧਾਰਿਤ ਹੈ। ਇਸ ਦੌਰਾਨ ਦੇਸ਼ ’ਚ ਕਰੋਨਾ ਦੇ ਪਿਛਲੇ 24 ਘੰਟਿਆਂ ’ਚ 2,11,298 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2,73,69,093 ਹੋ ਗਈ ਹੈ। ਦੇਸ਼ ’ਚ ਰਿਕਵਰੀ ਦਰ 90.01 ਫ਼ੀਸਦ ਤੱਕ ਪਹੁੰਚ ਗਈ ਹੈ। ਬੀਤੇ ਇਕ ਦਿਨ ’ਚ 3,847 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,15,235 ਹੋ ਗਈ। -ਪੀਟੀਆਈ
ਮੌਜੂਦਾ ਹਦਾਇਤਾਂ 30 ਜੂਨ ਤੱਕ ਜਾਰੀ ਰਹਿਣ: ਕੇਂਦਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਸਬੰਧੀ ਮੌਜੂਦਾ ਦਿਸ਼ਾ ਨਿਰਦੇਸ਼ 30 ਜੂਨ ਤੱਕ ਜਾਰੀ ਰੱਖਣ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਹੈ, ਉੱਥੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾਣ। ਇੱਕ ਨਵੇਂ ਹੁਕਮ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਸਖਤੀ ਵਰਤੇ ਜਾਣ ਕਾਰਨ ਦੱਖਣ ਤੇ ਪੂਰਬ-ਉੱਤਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਾਰੇ ਰਾਜਾਂ ਤੇ ਯੂਟੀਜ਼ ’ਚ ਨਵੇਂ ਤੇ ਇਲਾਜ ਅਧੀਨ ਮਾਮਲਿਆਂ ’ਚ ਕਮੀ ਆਈ ਹੈ। ਉਨ੍ਹਾਂ ਕਿਹਾ, ‘ਕੇਸ ਘਟਣ ਦੇ ਬਾਵਜੂਦ ਮੌਜੂਦਾ ਇਲਾਜ ਅਧੀਨ ਕੇਸਾਂ ਦੀ ਗਿਣਤੀ ਅਜੇ ਵੀ ਕਾਫੀ ਜ਼ਿਆਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕੰਟਰੋਲ ਦੇ ਉਪਾਅ ਸਖ਼ਤੀ ਨਾਲ ਲਾਗੂ ਕੀਤੇ ਜਾਣ।’ -ਪੀਟੀਆਈ
ਜ਼ਾਈਡਸ ਕੈਡਿਲਾ ਨੇ ਮਨੁੱਖੀ ਕਲੀਨਿਕਲ ਟਰਾਇਲਾਂ ਲਈ ਪ੍ਰਵਾਨਗੀ ਮੰਗੀ
ਨਵੀਂ ਦਿੱਲੀ: ਜ਼ਾਈਡਸ ਕੈਡਿਲਾ ਨੇ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਤੋਂ ਕੋਵਿਡ ਦੇ ਇਲਾਜ ਲਈ ਵਿਕਸਤ ਐਂਟੀਬਾਡੀਜ਼ ਕੋਕਟੇਲ ਦੀ ਮਨੁੱਖਾਂ ਵਿੱਚ ਕਲੀਨਿਕਲ ਟਰਾਇਲ ਲਈ ਪ੍ਰਵਾਨਗੀ ਮੰਗੀ ਹੈ। ਕੈਡਿਲਾ ਹੈੱਲਥਕੇਅਰ ਨੇ ਇਕ ਬਿਆਨ ਵਿੱਚ ਕਿਹਾ ਕਿ ਜ਼ਾਈਡਸ ਨੇ ਡੀਸੀਜੀਆਈ ਤੋਂ ਜ਼ੈੱਡਆਰਸੀ-3308, ਜੋ ਕਿ ਸਾਰਸ-ਕੋਵ-2 ਨੂੰ ਬੇਅਸਰ ਕਰਨ ਵਾਲੇ ਮੋਨੋਕਲੋਨਲ ਐਂਟੀਬਾਡੀਜ਼ ਦਾ ਕੋਕਟੇਲ ਹੈ, ਦੇ ਮਨੁੱਖਾਂ ’ਤੇ ਕਲੀਨਿਕਲ ਟਰਾਇਲ ਦੀ ਪ੍ਰਵਾਨਗੀ ਮੰਗੀ ਹੈ।’ ਜ਼ੈੱਡਆਰਸੀ-3308 ਸੁਰੱਖਿਆ ਮਾਪਦੰਡਾਂ ਦੀ ਕਸੌਟੀ ’ਤੇ ਖਰੀ ਉਤਰੀ ਹੈ। -ਪੀਟੀਆਈ