ਪਟਨਾ, 2 ਮਈ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇਕ ਟਵੀਟ ਰਾਹੀਂ ਬਿਹਾਰ ਦੇ ਰਾਜਨੀਤਕ ਧਰਾਤਲ ’ਤੇ ਹਲਚਲ ਪੈਦਾ ਕਰ ਦਿੱਤੀ। ਉਨ੍ਹਾਂ ਆਪਣੇ ਗ੍ਰਹਿ ਸੂਬੇ ਬਿਹਾਰ ਤੋਂ ਨਵੀਂ ‘ਸ਼ੁਰੂਆਤ’ ਦਾ ਐਲਾਨ ਕੀਤਾ ਹੈ। ਕਿਸ਼ੋਰ ਨੇ ਅੱਜ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਸਿਆਸੀ ਰਣਨੀਤੀਕਾਰ ਵਜੋਂ ਆਪਣੇ ਬੇਹੱਦ ਸਫ਼ਲ ਕਰੀਬ ਦਹਾਕੇ ਦੇ ਸਫ਼ਰ ਨੂੰ ‘ਕਾਫ਼ੀ ਉਤਰਾਅ-ਚੜ੍ਹਾਅ’ ਵਾਲਾ ਕਰਾਰ ਦਿੱਤਾ। ਦੱਸਣਯੋਗ ਹੈ ਕਿ ਇਸ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਨਰਿੰਦਰ ਮੋਦੀ, ਮਮਤਾ ਬੈਨਰਜੀ ਤੇ ਜਗਨ ਮੋਹਨ ਰੈੱਡੀ ਨਾਲ ਸਫ਼ਲਤਾ ਨਾਲ ਕੰਮ ਕੀਤਾ। ਕਿਸ਼ੋਰ ਨੇ ਕਿਹਾ, ‘ਲੋਕਤੰਤਰ ਵਿਚ ਅਰਥਪੂਰਨ ਹਿੱਸੇਦਾਰ ਬਣਨ ਤੇ ਲੋਕ-ਪੱਖੀ ਨੀਤੀਆਂ ਘੜਨ ਦੀ ਮੇਰੀ ਯਾਤਰਾ ਕਾਫ਼ੀ ਉਤਰਾਅ-ਚੜ੍ਹਾਅ ਵਾਲੀ ਰਹੀ ਹੈ! ਹੁਣ ਜਦਕਿ ਮੈਂ ਪੰਨਾ ਪਲਟ ਰਿਹਾ ਹਾਂ, ਅਸਲ ਉਸਤਾਦਾਂ ਕੋਲ ਜਾਣ ਦਾ ਸਮਾਂ ਆ ਗਿਆ ਹੈ, ਉਹ ਹਨ ਲੋਕ, ਤਾਂ ਕਿ ਮੁੱਦਿਆਂ ਨੂੰ ਹੋਰ ਡੂੰਘਾਈ ਨਾਲ ਸਮਝਿਆ ਜਾ ਸਕੇ ਤੇ ਚੰਗਾ ਪ੍ਰਸ਼ਾਸਨ ਦਿੱਤਾ ਜਾ ਸਕੇ।’ ਉਨ੍ਹਾਂ ਟਵੀਟ ਦੇ ਨਾਲ ਹੈਸ਼ਟੈਗ ‘ਸ਼ੁਰੂਆਤ ਬਿਹਾਰ ਤੋਂ’ ਲਿਖਿਆ। ਟਵਿੱਟਰ ਦੀ ਪੋਸਟ ਤੋਂ ਸਪੱਸ਼ਟ ਹੈ ਕਿ ਉਹ ਆਪਣੇ ਗ੍ਰਹਿ ਸੂਬੇ ਤੋਂ ਸਰਗਰਮ ਸਿਆਸਤ ਵਿਚ ਪੈਰ ਧਰਨਗੇ। ਕਿਸ਼ੋਰ ਵੱਲੋਂ ਸਥਾਪਿਤ ਫਰਮ ‘ਆਈ-ਪੈਕ’ ਮੁਤਾਬਕ ਉਹ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਇਸੇ ਹਫ਼ਤੇ ਇਕ ਪ੍ਰੈੱਸ ਕਾਨਫਰੰਸ ਵਿਚ ਦੇਣਗੇ। ਜੇਡੀ(ਯੂ) ਦੇ ਕੁਝ ਆਗੂ ਵੀ ਕਿਸ਼ੋਰ ਦੇ ਪਰਤਣ ਤੋਂ ਖ਼ੁਸ਼ ਨਹੀਂ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਨਿਤੀਸ਼ ਕੁਮਾਰ ਖ਼ਿਲਾਫ਼ ਬਗਾਵਤ ਲਈ ਚਿਰਾਗ ਪਾਸਵਾਨ ਨੂੰ ਕਿਸ਼ੋਰ ਨੇ ਹੀ ‘ਤਿਆਰ’ ਕੀਤਾ ਸੀ। ਚਿਰਾਗ ਦੀ ਬਗਾਵਤ ਨਾਲ ਨਾਲ 2020 ਦੀਆਂ ਚੋਣਾਂ ਵਿਚ ਜੇਡੀ(ਯੂ) ਦਾ ਕਾਫੀ ਨੁਕਸਾਨ ਹੋਇਆ ਸੀ। -ਪੀਟੀਆਈ
ਭਾਜਪਾ ਨੇ ਕਿਸ਼ੋਰ ’ਤੇ ਨਿਸ਼ਾਨਾ ਸੇਧਿਆ
ਕਿਸ਼ੋਰ ਦਾ ਰੁਖ਼ ਕੀ ਹੋਵੇਗਾ ਹਾਲੇ ਇਹ ਸਪੱਸ਼ਟ ਨਹੀਂ ਹੈ, ਪਰ ਸੂਬਾਈ ਭਾਜਪਾ ਨੇ ਪਹਿਲਾਂ ਹੀ ਕਿਸ਼ੋਰ ਦੇ ਐਲਾਨ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਿਹਾਰ ਭਾਜਪਾ ਦੇ ਬੁਲਾਰੇ ਨਿਖਿਲ ਆਨੰਦ ਨੇ ਤਿੱਖਾ ਬਿਆਨ ਜਾਰੀ ਕਰਦਿਆਂ ਕਿਹਾ, ‘ਪ੍ਰਸ਼ਾਂਤ ਕਿਸ਼ੋਰ ਨਾ ਤਾਂ ਸਮਾਜ ਵਿਗਿਆਨੀ ਹੈ ਤੇ ਨਾ ਰਾਜਨੀਤਕ ਵਿਗਿਆਨੀ। ਉਹ ਸੱਤਾ ਤੋੜਨ ਵਾਲਾ ਤੇ ਵਿਚੋਲਾ ਹੈ। ਉਹ ਬਿਹਾਰ ਦੀ ਸਿਆਸਤ ਵਿਚ ਵੋਟ ਕੱਟਣ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ।’