ਕੋਲਕਾਤਾ, 18 ਜੂਨ
ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਸਪੀਕਰ ਬਿਮਾਨ ਬੈਨਰਜੀ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਦਲ-ਬਦਲੀ ਕਾਨੂੰਨ ਤਹਿਤ ਮੁਕੁਲ ਰਾਏ ਦੀ ਸਦਨ ’ਚੋਂ ਮੈਂਬਰੀ ਨੂੰ ਅਯੋਗ ਠਹਿਰਾਇਆ ਜਾਵੇ ਕਿਉਂਕਿ ਉਹ ਭਾਜਪਾ ਛੱਡ ਕੇ ਟੀਐੱਮਸੀ ’ਚ ਸ਼ਾਮਲ ਹੋ ਗਿਆ ਹੈ। ਉਧਰ ਟੀਐੱਮਸੀ ਨੇ ਇਸ ਦੇ ਜਵਾਬ ’ਚ ਆਖਿਆ ਹੈ ਕਿ ਵਿਰੋਧੀ ਧਿਰ ਦੇ ਆਗੂ ਨੂੰ ਆਪਣੇ ਪਿਤਾ ਅਤੇ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਨੂੰ ਮਿਸਾਲ ਕਾਇਮ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਉਹ ਵੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮਮਤਾ ਬੈਨਰਜੀ ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਜਦੋਂ ਸਪੀਕਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਅਰਜ਼ੀ ਬਾਰੇ ਅਜੇ ਕੁਝ ਨਹੀਂ ਆਖ ਸਕੇਗਾ ਕਿਉਂਕਿ ਉਸ ਨੇ ਵਿਧਾਨ ਸਭਾ ਦਾ ਦੌਰਾ ਕਰਨਾ ਹੈ। ਭਾਜਪਾ ਵਿਧਾਇਕ ਮਨੋਜ ਤਿੱਗਾ ਨੇ ਕਿਹਾ ਕਿ ਕਾਨੂੰਨ ਮੁਤਾਬਕ ਮੁਕੁਲ ਰਾਏ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਅਧਿਕਾਰੀ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕਰਕੇ ਮੁਕੁਲ ਰਾਏ ਦੀ ਸ਼ਿਕਾਇਤ ਕੀਤੀ ਸੀ। ਟਵਿੱਟਰ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸਵਪਨ ਦਾਸਗੁਪਤਾ ਨੇ ਕਿਹਾ ਕਿ ਕਾਨੂੰਨ ਮੁਤਾਬਕ ਮੁਕੁਲ ਨੂੰ ਵਿਧਾਇਕੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਚੋਣ ਭਾਜਪਾ ਦੀ ਟਿਕਟ ’ਤੇ ਜਿੱਤੀ ਸੀ। ਉਨ੍ਹਾਂ ਕਿਹਾ ਕਿ 2017 ’ਚ ਜਦੋਂ ਮੁਕੁਲ ਭਾਜਪਾ ’ਚ ਸ਼ਾਮਲ ਹੋਇਆ ਸੀ ਤਾਂ ਉਸ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਨੂੰ ਆਪਣੇ ਪਹਿਲਾਂ ਲਏ ਫ਼ੈਸਲੇ ਦਾ ਪਾਲਣ ਕਰਨਾ ਚਾਹੀਦਾ ਹੈ। -ਪੀਟੀਆਈ