ਕੋਲਕਾਤਾ: ਭਾਜਪਾ ਆਗੂ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਸ਼ੁਵੇਂਦੂ ਅਧਿਕਾਰੀ ਦੇ ਭਰਾ ਸੋਮੇਂਦੂ ਨੂੰ ਪੁਰਬ ਮੇਦਨੀਪੁਰ ਜ਼ਿਲ੍ਹੇ ਦੀ ਕਾਂਤੀ ਮਿਊਂਸਿਪੈਲਿਟੀ ਦੇ ਪ੍ਰਸ਼ਾਸਕੀ ਬੋਰਡ ਦੇ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਸੋਮੇਂਦੂ ਪਾਰਟੀ ਦੇ ਸਿਆਸੀ ਪ੍ਰੋਗਰਾਮਾਂ ’ਚ ਸ਼ਮੂਲੀਅਤ ਨਹੀਂ ਕਰ ਰਿਹਾ ਸੀ ਅਤੇ ਉਹ ਪਿਛਲੇ ਦੋ ਮਹੀਨਿਆਂ ਤੋਂ ਜ਼ਿਲ੍ਹੇ ’ਚ ਆਪਣੇ ਭਰਾ ਦੇ ਲੋਕਾਂ ਨਾਲ ਸੰਪਰਕ ਬਣਾਉਣ ਦੌਰਾਨ ਉਸ ਦੀ ਹਮਾਇਤ ਕਰ ਰਿਹਾ ਸੀ। ਉਸ ਦੇ ਇਕ ਹੋਰ ਭਰਾ ਅਤੇ ਟੀਐੱਮਸੀ ਦੇ ਸੰਸਦ ਮੈਂਬਰ ਦਬਿਯੇਂਦੂ ਅਧਿਕਾਰੀ ਨੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ ਉਠਾਉਣਗੇ। ਜ਼ਿਕਰਯੋਗ ਹੈ ਕਿ ਸ਼ੁਵੇਂਦੂ ਅਧਿਕਾਰੀ ਨੇ ਕਿਹਾ ਸੀ ਕਿ ਛੇਤੀ ਹੀ ਉਸ ਦੇ ‘ਪਰਿਵਾਰ ’ਚ ਕਮਲ ਖਿੜੇਗਾ।’ ਉਸ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਅਤੇ ਭਰਾ ਦਬਿਯੇਂਦੂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਨ।
-ਪੀਟੀਆਈ