ਹਲਦੀਆ, 12 ਮਾਰਚ
ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੇ ਅੱਜ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਸੀਟ ਤੋਂ ਉਨ੍ਹਾਂ ਦਾ ਮੁਕਾਬਲਾ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਹੋਵੇਗਾ। ਅਧਿਕਾਰੀ ਨੇ ਇੱਕ ਰੈਲੀ ਤੋਂ ਬਾਅਦ ਹਲਦੀਆ ’ਚ ਸਬ-ਡਿਵੀਜ਼ਨ ਦਫ਼ਤਰ ’ਚ ਨਾਮਜ਼ਦਗੀ ਦਾਖਲ ਕੀਤੀ। ਅਧਿਕਾਰੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੋਈ ਰੈਲੀ ’ਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਸਮ੍ਰਿਤੀ ਇਰਾਨੀ ਨੇ ਵੀ ਸ਼ਿਰਕਤ ਕੀਤੀ। ਅਧਿਕਾਰੀ ਦਸੰਬਰ ਮਹੀਨੇ ਹੀ ਟੀਐੱਮਸੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਟੀਐੱਮਸੀ ਦੀ ਟਿਕਟ ’ਤੇ ਅਧਿਕਾਰੀ ਨੇ 2016 ’ਚ ਨੰਦੀਗ੍ਰਾਮ ਤੋਂ ਸੀਪੀਆਈ ਦੇ ਉਮੀਦਵਾਰ ਨੂੰ 81,230 ਵੋਟਾਂ ਨਾਲ ਹਰਾਇਆ ਸੀ। ਮਮਤਾ ਬੈਨਰਜੀ ਨੇ ਲੰਘੇ ਬੁੱਧਵਾਰ ਨੂੰ ਨੰਦੀਗ੍ਰਾਮ ਤੋਂ ਕਾਗਜ਼ ਭਰੇ ਸਨ। ਖੱਬੇ ਮੋਰਚੇ ਦੀ ਅਗਵਾਈ ਹੇਠਲੇ ਮਹਾਗੱਠਜੋੜ ਨੇ ਸੀਪੀਐੱਮ ਦੀ ਨੌਜਵਾਨ ਆਗੂ ਮੀਨਾਕਸ਼ੀ ਮੁਖਰਜੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। -ਪੀਟੀਆਈ