ਨਵੀਂ ਦਿੱਲੀ: ਸ਼ੁਭਮ ਕੁਮਾਰ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਲਈ ਗਈ ਸਿਵਲ ਸਰਵਿਸਿਜ਼ ਪ੍ਰੀਖਿਆ-2020 ਵਿੱਚੋਂ ਸਭ ਤੋਂ ਵੱਧ 52.04 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦੋਂਕਿ ਜਾਗਰਤੀ ਅਵਸਥੀ ਦਾ ਦੂਜਾ ਰੈਂਕ ਰਿਹਾ। ਉਸ ਨੇ 51.95 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਇਹ ਪ੍ਰੀਖਿਆ ਲਈ ਜਾਂਦੀ ਹੈ। ਕਮਿਸ਼ਨ ਨੇ ਬੀਤੇ ਸ਼ੁੱਕਰਵਾਰ ਨਤੀਜਾ ਐਲਾਨਿਆ ਸੀ। ਪ੍ਰੀਖਿਆ ਵਿੱਚੋਂ ਕੁੱਲ 761 ਉਮੀਦਵਾਰ ਪਾਸ ਹੋਏ ਹਨ, ਜਿਨ੍ਹਾਂ ਵਿੱਚ 545 ਪੁਰਸ਼ ਅਤੇ 216 ਮਹਿਲਾਵਾਂ ਹਨ। ਯੂਪੀਐੱਸਸੀ ਵੱਲੋਂ ਸਿਵਲ ਸਰਵਿਸਿਜ਼ ਪ੍ਰੀਖਿਆ ਹਰੇਕ ਸਾਲ ਤਿੰਨ ਪੜਾਵਾਂ ਵਿੱਚ ਲਈ ਜਾਂਦੀ ਹੈ, ਜਿਨ੍ਹਾਂ ਵਿੱਚ ਮੁੱਢਲੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹਨ। -ਪੀਟੀਆਈ