ਨਵੀਂ ਦਿੱਲੀ, 20 ਸਤੰਬਰ
ਐੱਚਆਈਵੀ (ਏਡਜ਼) ਮਰੀਜ਼ਾਂ ਦੇ ਇਲਾਜ ਵਿਚ ਕੰਮ ਆਉਂਦੀਆਂ ਦਵਾਈਆਂ ਦੀ ਕਥਿਤ ਕਿੱਲਤ ਦਾ ਦਾਅਵਾ ਕਰਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਜਸਟਿਸ ਡੀ.ਵਾਈ.ਚੰਦਰਚੂੜ ਤੇ ਜਸਟਿਸ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਐੱਨਜੀਓ ਵੱਲੋਂ ਦਾਇਰ ਪਟੀਸ਼ਨ ’ਤੇ ਸਿਹਤ ਮੰਤਰਾਲੇ, ਨੈਸ਼ਨਲ ਏਡਜ਼ ਕੰਟਰੋਲ ਸੰਸਥਾ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਕਿਹਾ, ‘‘ਪਟੀਸ਼ਨਰਾਂ ਵੱਲੋਂ ਦਾਇਰ ਹਲਫ਼ਨਾਮਿਆਂ ਮੁਤਾਬਕ ਦੇਸ਼ ਵਿੱਚ ਏਆਰਟੀ (ਐਂਟੀ ਰੈਟਰੋਵਾਇਰਲ ਥੈਰੇਪੀ) ਦਵਾਈਆਂ ਦੀ ਵੱਡੀ ਕਿੱਲਤ ਹੈ ਤੇ ਸਾਲ 2021-22 ਦੇ ਟੈਂਡਰ, ਜਿਹੜੇ ਅਗਸਤ 2021 ਵਿੱਚ ਬਕਾਇਆ ਸਨ, ਦਸੰਬਰ 2021 ਵਿੱਚ ਜਾਰੀ ਕੀਤੇ ਗਏ ਤੇ ਆਖਿਰ ਨੂੰ ਫੇਲ੍ਹ ਹੋ ਗਏ। ਨੋਟਿਸ ਜਾਰੀ ਕੀਤਾ ਜਾਂਦਾ ਹੈ, ਜਿਸ ਦਾ ਜਵਾਬ ਦੋ ਹਫ਼ਤਿਆਂ ’ਚ ਦਿੱਤਾ ਜਾਵੇ।’’ -ਪੀਟੀਆਈ