ਨਵੀਂ ਦਿੱਲੀ: ਸੁਪਰੀਮ ਕੋਰਟ ਪ੍ਰਸ਼ਾਸਨ ਨੇ ਆਪਣੇ ਅਧਿਕਾਰੀਆਂ ਤੋਂ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ, ਸੀਨੀਅਰ ਪੱਤਰਕਾਰ ਐੱਨ ਰਾਮ ਤੇ ਸਮਾਜਿਕ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਨ ਵੱਲੋਂ ਦਾਇਰ ਪਟੀਸ਼ਨਾਂ ਨੂੰ ਸੂਚੀਬੱਧ ਕਰਨ ਦੇ ਮਾਮਲੇ ’ਚ ਸਪੱਸ਼ਟੀਕਰਨ ਮੰਗਿਆ ਹੈ। ਅਪੀਲਕਰਤਾਵਾਂ ਨੇ ਪਟੀਸ਼ਨਾਂ ’ਚ ਅਦਾਲਤੀ ਹੱਤਕ ਨਾਲ ਸਬੰਧਤ ਧਾਰਾ ਦੀ ਸੰਵਿਧਾਨਕ ਵਾਜਬੀਅਤ ਨੂੰ ਚੁਣੌਤੀ ਦਿੱਤੀ ਹੋਈ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਪਾਏ ਸ਼ਡਿਊਲ ਅਨੁਸਾਰ ਇਹ ਅਪੀਲ 10 ਅਗਸਤ ਨੂੰ ਜਸਟਿਸ ਡੀਵਾਈ ਚੰਦਰਚੂੜ ਤੇ ਕੇਐੱਮ ਜੋਸਫ ਦੇ ਬੈਂਚ ਕੋਲ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਹੈ। ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਇਹ ਅਪੀਲ ਉਸ ਬੈਂਚ ਕੋਲ ਸੂਚੀਬੱਧ ਕੀਤੀ ਜਾਣੀ ਚਾਹੀਦੀ ਹੈ ਜਿਸ ਨੇ ਪਹਿਲਾਂ ਇਸ ਮਾਮਲੇ ’ਤੇ ਸੁਣਾਈ ਕੀਤੀ ਹੋਈ ਹੈ ਪਰ ਸ਼ਡਿਊਲ ਤਿਆਰ ਕਰਨ ਸਮੇਂ ਇਨ੍ਹਾਂ ਨਿਯਮਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਇਸ ਲਈ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿ ਉਨ੍ਹਾਂ ਸਬੰਧਤ ਅਪੀਲਾਂ ਨੂੰ ਕਿਸ ਤਰ੍ਹਾਂ ਸੂਚੀਬੱਧ ਕੀਤਾ ਹੈ।
-ਪੀਟੀਆਈ