ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 30 ਸਤੰਬਰ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਇਸ ਵਰ੍ਹੇ 18 ਜੁਲਾਈ ਨੂੰ ਸੁਰੱਖਿਆ ਬਲਾਂ ਵੱਲੋਂ ਕਥਿਤ ਫਰਜ਼ੀ ਮੁਕਾਬਲੇ ’ਚ ਮਾਰੇ ਗਏ ਤਿੰਨਾਂ ਵਿਅਕਤੀਆਂ ਦੀ ਲਾਸ਼ਾਂ ਕਬਰਾਂ ਪੁੱਟ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ। ਇਸੇ ਦੌਰਾਨ ਮਾਮਲੇ ’ਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਕਸ਼ਮੀਰ ਦੇ ਇੰਸਪੈਕਟਰ ਜਨਰਲ (ਆਈ.ਜੀ.) ਵਿਜੈ ਕੁਮਾਰ ਨੇ ਦੱਸਿਆ, ‘ਕਿਉਂਕਿ ਡੀਐੱਨਏ ਸੈਂਪਲ ਪਰਿਵਾਰਾਂ ਨਾਲ ਮੇਲ ਖਾਂਦੇ ਹਨ, ਇਸ ਲਈ ਤਿੰਨੋਂ ਮ੍ਰਿਤਕ ਦੇਹਾਂ ਕਬਰਾਂ ’ਚੋਂ ਕੱਢ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।’ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਅਤੇ ਰਾਜੌਰੀ ਜ਼ਿਲ੍ਹਿਆਂ ਨਾਲ ਸਬੰਧਤ ਪਰਿਵਾਰਾਂ ਦੇ ਡੀਐੱਨਏ ਸੈਂਪਲ ਮਾਰੇ ਗਏ ਤਿੰਨ ਵਿਅਕਤੀਆਂ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਨਾਲ ਮੇਲ ਖਾ ਚੁੱਕੇ ਹਨ। ਇਹ ਤਿੰਨੋਂ ਸੁਰੱਖਿਆ ਬਲਾਂ ਵੱਲੋਂ ਸ਼ੋਪੀਆਂ ਵਿੱਚ ਚਲਾਏ ਗਏ ਅਤਿਵਾਦ ਵਿਰੋਧੀ ਆਪ੍ਰੇਸ਼ਨ ਦੌਰਾਨ ਮਾਰੇ ਗਏ ਸਨ। ਬਾਅਦ ਵਿੱਚ ਫ਼ੌਜ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਾਇਆ ਗਿਆ ਕਿ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਦੌਰਾਨ ‘ਅਫਸਪਾ’ ਤਹਿਤ ਆਪਣੀਆਂ ਤਾਕਤਾਂ ਦੀ ਉਲੰਘਣਾ ਕੀਤੀ ਗਈ ਸੀ। ਉਕਤ ਪਰਿਵਾਰਾਂ ਨੇ ਤਿੰਨੋਂ ਮਾਰੇ ਗਏ ਵਿਅਕਤੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਪੁਲੀਸ ਨੇ ਸ਼ੋਪੀਆਂ ਮੁਕਾਬਲੇ ’ਚ ਮਾਰੇ ਗਏ ਤਿੰਨ ਮਜ਼ਦੂਰਾਂ ਦੇ ਮਾਮਲੇ ’ਚ ਦੋ ਮਹੀਨਿਆਂ ਦੀ ਜਾਂਚ ਮਗਰੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਮੁਤਾਬਕ ਉਹ ਦੋਵੇਂ ਸਥਾਨਕ ਨਿਵਾਸੀ ਹਨ।