ਰਾਜੌਰੀ, 14 ਅਗਸਤ
ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਕਥਿਤ ਫ਼ਰਜ਼ੀ ’ਚ ਮੁਕਾਬਲੇ ’ਚ ਮਾਰੇ ਗਏ ਤਿੰਨ ਨੌਜਵਾਨਾਂ ਦੇ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਡੀਐੱਨਏ ਸੈਂਪਲ ਅੱਜ ਜੰਮੂ ਅਤੇ ਕਸ਼ਮੀਰ ਦੇ ਸਰਕਾਰੀ ਹਸਪਤਾਲ ਵਿੱਚ ਸ੍ਰੀਨਗਰ ਤੋਂ ਭੇਜੀ ਗਈ ਪੁਲੀਸ ਟੀਮ ਦੀ ਮੌਜੂਦਗੀ ’ਚ ਲਏ ਗਏ। ਤਿੰਨੋਂ ਨੌਜਵਾਨ, ਮੁਹੰਮਦ ਇਮਤਿਆਜ਼ ਅਤੇ ਇਬਰਾਰ ਅਹਿਮਦ ਵਾਸੀ ਪਿੰਡ ਧਰਸਾਕੜੀ ਅਤੇ ਮੁਹੰਮਦ ਇਬਰਾਰ ਵਾਸੀ ਪਿੰਡ ਤਰਕੱਸੀ (ਜ਼ਿਲ੍ਹਾ ਰਾਜੌਰੀ), ਸ਼ੋਪੀਆਂ ’ਚ ਮਜ਼ਦੂਰੀ ਲਈ ਗਏ ਅਤੇ 17 ਜੁਲਾਈ ਨੂੰ ਪਰਿਵਾਰ ਦੇ ਸੰਪਰਕ ਤੋਂ ਬਾਹਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਹੋਏ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਵਿੱਚੋਂ 6 ਮੈਂਬਰਾਂ ਦੇ ਡੀਐੱਨਏ ਸੈਂਪਲ ਲਏ ਗਏ ਹਨ। ਪੁਲੀਸ ਟੀਮ, ਜੋ ਕਿ ਵੀਰਵਾਰ ਇੱਥੇ ਆਈ, ਵੱਲੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ। ਰਾਜੌਰੀ ਦੇ ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਨਜ਼ੀਰ ਸ਼ੇਖ ਨੇ ਦੱਸਿਆ ਕਿ ਪੁਲੀਸ ਦੀ ਇੱਕ ਜਾਂਚ ਟੀਮ ਵੱਲੋਂ ਡੀਐੱਨਏ ਸੈਂਪਲ ਇਕੱਠੇ ਕਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ। ਕਸ਼ਮੀਰ ਰੇਂਜ ਦੇ ਆਈਜੀ ਪੁਲੀਸ ਵਿਜੈ ਕੁਮਾਰ ਨੇ ਦੱਸਿਆ ਕਿ ਡੀਐੱਨਏ ਸੈਂਪਲ ਜਾਂਚ ਲਈ ਕੇਂਦਰੀ ਲੈਬਾਰਟਰੀਆਂ ’ਚ ਭੇਜੇ ਜਾਣਗੇ। ਫ਼ੌਜ ਵੱਲੋਂ ਵੀ ਸ਼ੋਪੀਆਂ ਮੁਕਾਬਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ