ਸ੍ਰੀਨਗਰ, 18 ਅਕਤੂਬਰ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਅੱਜ ਤੜਕੇ ਅਤਿਵਾਦੀਆਂ ਵੱਲੋਂ ਕੀਤੇ ਗਏ ਗਰੇਨੇਡ ਹਮਲੇ ’ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਹਮਲੇ ਦੇ ਸਬੰਧ ’ਚ ਲਸ਼ਕਰ-ਏ-ਤਇਬਾ ਨਾਲ ਸਬੰਧਿਤ ਸਥਾਨਕ ਅਤਿਵਾਦੀ ਤੇ ਇੱਕ ਹੋਰ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਸ਼ਮੀਰ ਜ਼ੋਨ ਦੀ ਪੁਲੀਸ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਰਹਿਣ ਵਾਲੇ ਮੋਨੀਸ਼ ਕੁਮਾਰ ਤੇ ਰਾਮ ਸਾਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਇਲਾਕਾ ਸੀਲ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕੀਤੀ ਗਈ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਗਰੇਨੇਡ ਸੁੱਟਣ ਵਾਲਾ ਲਸ਼ਕਰ ਦਾ ਸਥਾਨਕ ਅਤਿਵਾਦੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਪਛਾਣ ਇਮਰਾਨ ਬਸ਼ੀਰ ਗਨੀ ਵਾਸੀ ਹਰਮੇਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਹਮਲਾ ਕੀਤਾ ਗਿਆ, ਪੀੜਤ ਮਜ਼ਦੂਰ ਟੀਨ ਨਾਲ ਬਣੀ ਸ਼ੈੱਡ ’ਚ ਸੁੱਤੇ ਪਏ ਸਨ। ਏਡੀਜੀਪੀ ਨੇ ਦੱਸਿਆ ਕਿ ਇਸ ਹਮਲੇ ’ਚ ਸ਼ਾਮਲ ਇੱਕ ਹੋਰ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੋਰਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਮਲੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਜ਼ਿਲ੍ਹਾ ਮੈਜਿਸਟਰੇਟ ਸ਼ੁਭਰਾਂਤ ਕੁਮਾਰ ਸ਼ੁਕਲਾ ਨੇ ਕਿਹਾ ਕਿ ਦੋਵੇਂ ਮਜ਼ਦੂਰ ਦੋ ਮਹੀਨੇ ਪਹਿਲਾਂ ਕਸ਼ਮੀਰ ਗਏ ਸਨ ਤੇ ਉੱਥੇ ਸ਼ੋਪੀਆਂ ’ਚ ਮਜ਼ਦੂਰੀ ਕਰ ਰਹੇ ਸਨ। ਐੱਸਪੀ ਕੁੰਵਰ ਅਨੁਪਮ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦਾ ਪੋਸਟਮਾਰਟਮ ਹੋਣ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਹਵਾਈ ਜਹਾਜ਼ ਰਾਹੀਂ ਲਖਨਊ ਲਿਆਂਦੀਆਂ ਜਾਣਗੀਆਂ। -ਪੀਟੀਆਈ
ਸਿਆਸੀ ਪਾਰਟੀਆਂ ਵੱਲੋਂ ਘਟਨਾ ਦੀ ਨਿੰਦਾ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਕਿਹਾ, ‘ਹਮਲੇ ’ਚ ਦੋ ਮਜ਼ਦੂਰਾਂ ਦੀ ਮੌਤ ਦੀ ਖ਼ਬਰ ਦੁਖੀ ਕਰਨ ਵਾਲੀ ਹੈ। ਜੰਮੂ ਕਸ਼ਮੀਰ ’ਚ ਕਿਸੇ ਦੀ ਕੋਈ ਸੁਰੱਖਿਆ ਨਹੀਂ ਹੈ। ਇਹ ਮਸਲਾ ਉਸ ਸਮੇਂ ਤੱਕ ਹੱਲ ਨਹੀਂ ਹੋ ਸਕਦਾ ਜਦੋਂ ਤੱਕ ਭਾਰਤ ਸਰਕਾਰ ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀ।’ ਇਸੇ ਤਰ੍ਹਾਂ ‘ਅਪਨੀ ਪਾਰਟੀ’ ਦੇ ਮੁਖੀ ਅਲਤਾਫ਼ ਬੁਖਾਰੀ ਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਨੈਸ਼ਨਲ ਕਾਨਫਰੰਸ ਨੇ ਹਮਲੇ ਦੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।