ਸ੍ਰੀਨਗਰ, 5 ਅਕਤੂਬਰ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਦੋ ਵੱਖ ਵੱਖ ਮੁਕਾਬਲਿਆਂ ਵਿੱਚ ਚਾਰ ਅਤਿਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਸ਼ੋਪੀਆਂ ਦੇ ਦਰਾਚ ਇਲਾਕੇ ਅਤੇ ਲਸ਼ਕਰ-ਏ-ਤਇਬਾ ਦਾ ਇੱਕ ਅਤਿਵਾਦੀ ਦੱਖਣੀ ਕਸ਼ਮੀਰ ਦੇ ਮੂਲੂ ਇਲਾਕੇ ਵਿੱਚ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਰਾਚ ਇਲਾਕੇ ਵਿੱਚ ਅਤਿਵਾਦੀ ਹੋਣ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਆਰੰਭੀ। ਜਦੋਂ ਸੁਰੱਖਿਆ ਬਲ ਅਤਿਵਾਦੀਆਂ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਤਿੰਨ ਅਤਿਵਾਦੀ ਹਲਾਕ ਹੋ ਗਏ। ਇਨ੍ਹਾਂ ਦੀ ਪਛਾਣ ਜ਼ੁਬੈਰ ਮਕਬੂਲ ਵਾਣੀ, ਜਮਸ਼ੇਦ ਅਹਿਮਦ ਅਤੇ ਹਨਾਨ ਬਿਨ ਯਾਕੂਬ ਵਜੋਂ ਹੋਈ ਹੈ। ਇਨ੍ਹਾਂ ’ਚੋਂ ਜਮਸ਼ੇਦ ਅਤੇ ਹਾਨਨ ਪੁਲਵਾਮਾ ਦੇ ਪਿੰਗਲਾਨਾ ਵਿੱਚ 2 ਅਕਤੂਬਰ ਨੂੰ ਹੋਈ ਵਿਸ਼ੇਸ਼ ਪੁਲੀਸ ਅਧਿਕਾਰੀ (ਐੱਸਪੀਓ) ਜਾਵੇਦ ਡਾਰ ਦੀ ਹੱਤਿਆ ਅਤੇ ਜ਼ਿਲ੍ਹੇ ਵਿੱਚ 24 ਸਤੰਬਰ ਨੂੰ ਹੋਈ ਪੱਛਮੀ ਬੰਗਾਲ ਦੇ ਇੱਕ ਪਰਵਾਸੀ ਮਜ਼ਦੂਰ ਦੀ ਹੱਤਿਆ ਵਿੱਚ ਸ਼ਾਮਲ ਸਨ। ਮੂਲੂ ਵਿੱਚ ਹੋਏ ਮੁਕਾਬਲੇ ’ਚ ਮਾਰੇ ਗਏ ਅਤਿਵਾਦੀ ਦੀ ਪਛਾਣ ਆਰਿਫ ਰਾਸ਼ਿਦ ਵਜੋਂ ਹੋਈ ਹੈ। -ਪੀਟੀਆਈ