ਜੰਮੂ, 25 ਅਕਤੂਬਰ
ਦਹਿਸ਼ਤਗਰਦਾਂ ਵੱਲੋਂ ਹਾਲ ਹੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਫਿਰਕੇ ਦੇ ਲੋਕ ਦਹਿਸ਼ਤ ਵਿਚ ਹਨ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਪਿੰਡ ਚੌਧਰੀਗੁੰਡ ਦੇ 10 ਕਸ਼ਮੀਰੀ ਪਰਿਵਾਰ ਦਹਿਸ਼ਤ ਕਾਰਨ ਪਿੰਡ ਛੱਡ ਕੇ ਜੰਮੂ ਚਲੇ ਗਏ ਹਨ, ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਘਰ ਰਹਿਣ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕਸ਼ਮੀਰੀ ਪੰਡਿਤਾਂ, ਜਿਨ੍ਹਾਂ 1990ਵਿਆਂ ਦੇ ਦਹਿਸ਼ਤਗਰਦੀ ਦੇ ਔਖੇ ਦੌਰ ਵਿੱਚ ਆਪਣੇ ਘਰ ਨਹੀਂ ਛੱਡੇ ਸਨ, ਦੇ ਮਨਾਂ ਵਿੱਚ ਹਾਲ ਦੀਆਂ ਘਟਨਾਵਾਂ ਕਾਰਨ ਖੌਫ ਬੈਠ ਗਿਆ ਹੈ। ਦਹਿਸ਼ਤਗਰਦਾਂ ਨੇ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ 15 ਅਕਤੂਬਰ ਨੂੰ ਉਸ ਦੇ ਚੌਧਰੀਗੁੰਡ ਵਿਚਲੇ ਜੱਦੀ ਘਰ ਦੇ ਬਾਹਰ ਹੱਤਿਆ ਕਰ ਦਿੱਤੀ ਸੀ। ਇਸੇ ਤਰ੍ਹਾਂ 18 ਅਕਤੂਬਰ ਨੂੰ ਮੁਨੀਸ਼ ਕੁਮਾਰ ਅਤੇ ਰਾਮ ਸਾਗਰ ਦੇ ਘਰ ’ਤੇ ਗ੍ਰੇਨੇਡ ਸੁੱਟਿਆ ਸੀ। ਚੌਧਰੀਗੁੰਡ ਦੇ ਵਸਨੀਕ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਦੇ 10 ਪਰਿਵਾਰਾਂ ਦੇ 35-40 ਮੈਂਬਰ ਦਹਿਸ਼ਤ ਕਾਰਨ ਪਿੰਡ ਛੱਡ ਗਏ ਹਨ। ਉਸ ਨੇ ਦੱਸਿਆ ਕਿ ਹੁਣ ਪਿੰਡ ਖਾਲੀ ਹੋ ਗਿਆ ਹੈ ਤੇ ਉਸ ਦੀ ਜਾਨ ਨੂੰ ਵੀ ਖ਼ਤਰਾ ਹੈ। ਇਕ ਹੋਰ ਪਿੰਡ ਵਾਸੀ ਨੇ ਦੱਸਿਆ, ‘‘ਵਾਦੀ ਵਿੱਚ ਰਹਿਣ ਲਈ ਹਾਲਾਤ ਸਾਜ਼ਗਾਰ ਨਹੀਂ ਹਨ। ਹੱਤਿਆਵਾਂ ਕਾਰਨ ਅਸੀਂ ਦਹਿਸ਼ਤ ਵਿੱਚ ਜੀਅ ਰਹੇ ਹਾਂ। ਇਥੇ ਸਾਡੀ ਕੋਈ ਸੁਰੱਖਿਆ ਨਹੀਂ ਹੈ।’’ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡ ਤੋਂ ਦੂਰ ਪੁਲੀਸ ਚੌਕੀ ਬਣਾਈ ਗਈ ਹੈ, ਪਰ ਇਸ ਦੇ ਬਾਵਜੂਦ ਉਹ ਵਾਰ ਵਾਰ ਸੁਰੱਖਿਆ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੇਬਾਂ ਦੀ ਫਸਲ ਤੋਂ ਲੈ ਕੇ ਸਭ ਕੁਝ ਆਪਣੇ ਘਰ ਵਿੱਚ ਛੱਡ ਆਏ ਹਨ। ਜੰਮੂ ਪਹੁੰਚਣ ਵਾਲੇ ਕਸ਼ਮੀਰੀ ਪੰਡਿਤ ਇਥੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। -ਪੀਟੀਆਈ