ਦਿੱਲੀ, 20 ਜੁਲਾਈ
ਸੀਬੀਆਈ ਨੇ ਮੰਗਲਵਾਰ ਨੂੰ ਚੁਰੂ ਵਿੱਚ 23 ਮਈ ਨੂੰ ਰਾਜਸਥਾਨ ਪੁਲੀਸ ਅਧਿਕਾਰੀ ਵਿਸ਼ਨੂੰਦੱਤ ਬਿਸ਼ਨੋਈ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿੱਚ ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓਐੱਸਡੀ ਦੇਵ ਰਾਮ ਸੈਣੀ ਤੋਂ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬਿਸ਼ਨੋਈ ਦੀ ਮੌਤ ਦੇ ਸਬੰਧ ਵਿੱਚ ਬਿਆਨ ਦਰਜ ਕਰਨ ਲਈ ਦਿੱਲੀ ਤੋਂ ਸੀਬੀਆਈ ਦੀ ਵਿਸ਼ੇਸ਼ ਅਪਰਾਧ ਸ਼ਾਖਾ ਦੀ ਟੀਮ ਜੈਪੁਰ ਪੁੱਜੀ। ਬਿਸ਼ਨੋਈ ਰਾਜਗੜ੍ਹ ਥਾਣੇ ਦੇ ਐੱਸਐੱਚਓ ਸਨ। ਉਸ ਦੀ ਲਾਸ਼ ਚੁਰੂ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੱਖੇ ਨਾਲ ਲਟਕਦੀ ਮਿਲੀ ਸੀ। ਸੀਬੀਆਈ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ ਜਦੋਂ ਰਾਜਸਥਾਨ ਸਰਕਾਰ ਸਚਿਨ ਪਾਇਲਟ ਦੀ ਬਗਾਵਤ ਕਾਰਨ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਏਜੰਸੀ ਇਸ ਮਾਮਲੇ ਦੀ ਪੇਸ਼ੇਵਰ ਤਰੀਕੇ ਨਾਲ ਜਾਂਚ ਕਰ ਰਹੀ ਹੈ ਜਿਸ ਨੂੰ ਜਾਂਚ ਰਾਜ ਸਰਕਾਰ ਨੇ ਖੁਦ ਸੌਂਪ ਦਿੱਤੀ ਹੈ।