ਮੁੰਬਈ, 22 ਸਤੰਬਰ
ਬ੍ਰਿਹਨਮੁੰਬਈ ਨਗਰ ਨਿਗਮ ਨੇ ਅੱਜ ਸ਼ਿਵ ਸੈਨਾ ਦੇ ਊਧਵ ਠਾਕਰੇ ਦੀ ਅਗਵਾਈ ਵਾਲੇ ਧੜੇ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਵੱਕਾਰੀ ਸ਼ਿਵਾਜੀ ਪਾਰਕ ਵਿੱਚ 5 ਅਕਤੂਬਰ ਨੂੰ ਦਸਹਿਰਾ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਇਹ ਜਾਣਕਾਰੀ ਅੱਜ ਬੀਐੱਮਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇਸ ਦੇ ਵਿਰੋਧ ਵਿੱਚ ਊਧਵ ਧੜੇ ਨੇ ਹਾਈ ਕੋਰਟ ’ਚ ਪਹੁੰਚ ਕੀਤੀ, ਜਿਸ ਦੇ ਵਿਰੋਧ ਵਿੱਚ ਏਕਨਾਥ ਸ਼ਿੰਦੇ ਦਾ ਧੜਾ ਵੀ ਹਾਈ ਕੋਰਟ ਪਹੁੰਚ ਗਿਆ ਅਤੇ ਊਧਵ ਦੀ ਅਗਵਾਈ ਵਾਲੇ ਧੜੇ ਦੀ ਅਰਜ਼ੀ ’ਤੇ ਸੁਣਵਾਈ ਨਾ ਕਰਨ ਦੀ ਅਪੀਲ ਕੀਤੀ। ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਬੀਐੱਮਸੀ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਮੁਬੰਈ ਪੁਲੀਸ ਵੱਲੋਂ ਉਠਾਏ ਗਏ ਕਾਨੂੰਨ ਵਿਵਸਥਾ ਦੀ ਸਥਿਤੀ ਸਬੰਧੀ ਇਤਰਾਜ਼ ਦੇ ਆਧਾਰ ’ਤੇ ਸ਼ਿਵ ਸੈਨਾ ਦੇ ਦੋਹਾਂ ਧੜਿਆਂ ਨੂੰ ਦਸਹਿਰਾ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ।
ਉੱਧਰ, ਊਧਵ ਧੜੇ ਨੇ ਬੀਐੱਮਸੀ ਦੇ ਰੈਲੀ ਲਈ ਇਜਾਜ਼ਤ ਨਾ ਦੇਣ ਦੇ ਫੈਸਲੇ ਦੇ ਵਿਰੋਧ ਵਿੱਚ ਬੰਬਈ ਹਾਈ ਕੋਰਟ ’ਚ ਪਹੁੰਚ ਕੀਤੀ। ਉਸ ਦੇ ਮਗਰ ਸ਼ਿੰਦੇ ਧੜਾ ਵੀ ਹਾਈ ਕੋਰਟ ਪਹੁੰਚ ਗਿਆ ਤੇ ਉਸ ਨੇ ਊਧਵ ਧੜੇ ਦੀ ਅਰਜ਼ੀ ’ਤੇ ਸੁਣਵਾਈ ਨਾ ਕਰਨ ਦੀ ਅਪੀਲ ਕੀਤੀ। -ਪੀਟੀਆਈ
ਊਧਵ ਧੜੇ ਨੂੰ ਪਟੀਸ਼ਨ ਵਿੱਚ ਸੋਧ ਕਰਨ ਦੀ ਇਜਾਜ਼ਤ ਮਿਲੀ
ਮੁੰਬਈ: ਬੰਬਈ ਹਾਈ ਕੋਰਟ ਨੇ ਅੱਜ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਨੂੰ ਸਾਲਾਨਾ ਦਸਹਿਰਾ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਬ੍ਰਹਨਮੁੰਬਈ ਮਹਾਨਗਰ ਕੌਂਸਲ (ਬੀਐੱਮਸੀ) ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਸੋਧ ਕਰਨ ਦੀ ਇਜਾਜ਼ਤ ਦਿੱਤੀ ਹੈ। ਬੈਂਚ ਨੇ ਕਿਹਾ, ‘‘ਸਾਡੀ ਸਮਝ ਨਾਲ ਇਹ ਵਿਆਪਕ ਪਟੀਸ਼ਨ ਹੈ। ਇਸ ਵਾਸਤੇ ਪਟੀਸ਼ਨਰ ਨੂੰ ਇਸ ਵਿੱਚ ਸੋਧ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।’’ ਜਸਟਿਸ ਆਰਡੀ ਧਾਨੁਕਾ ਅਤੇ ਜਸਟਿਸ ਕਮਲ ਖਾਤਾ ਦੇ ਬੈਂਚ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕਰੇਗਾ। ਅਦਾਲਤ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਦੀ ਪਟੀਸ਼ਨ ਦੇ ਵਿਰੋਧ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਨਾਲ ਸਬੰਧਤ ਵਿਧਾਇਕ ਸਦਾ ਸਰਵਾਂਕਰ ਦੀ ਪਟੀਸ਼ਨ ’ਤੇ ਵੀ ਸੁਣਵਾਈ ਕਰੇਗੀ। -ਪੀਟੀਆਈ