ਮੁੰਬਈ, 27 ਜੂਨ
ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵੱਲੋਂ ਬਾਗ਼ੀ ਵਿਧਾਇਕਾਂ ਨੂੰ ਜਾਰੀ ਅਯੋਗਤਾ ਨੋਟਿਸਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਅੱਜ ਕਿਹਾ ਕਿ ਉਹ ‘ਸੜਕੀ ਤੇ ਕਾਨੂੰਨੀ’ ਦੋਵਾਂ ਤਰ੍ਹਾਂ ਦੀ ਲੜਾਈ ਲਈ ਤਿਆਰ ਹਨ। ਰਾਊਤ ਨੇ ਐਤਵਾਰ ਨੂੰ ਬਾਗ਼ੀ ਵਿਧਾਇਕਾਂ ਬਾਰੇ ਕੀਤੀ ਆਪਣੀ ਇਸ ਟਿੱਪਣੀ ਕਿ ‘ਆਸਾਮ ਤੋਂ 40 ਦੇਹਾਂ ਆਉਣਗੀਆਂ ਤੇ ਉਨ੍ਹਾਂ ਨੂੰ ਪੋਸਟ ਮਾਰਟਮ ਲਈ ਸਿੱਧਾ ਮੁਰਦਾਘਰ ਵਿੱਚ ਭੇਜਿਆ ਜਾਵੇਗਾ’ ਦੇ ਹਵਾਲੇ ਨਾਲ ਕਿਹਾ ਕਿ ਉਹ ਤਾਂ ਵਿਧਾਇਕਾਂ ਦੇ ‘ਮਰ ਚੁੱਕੇ ਜ਼ਮੀਰ’ ਦੀ ਗੱਲ ਕਰ ਰਹੇ ਸਨ ਤੇ ਉਹ ਤਾਂ ਹੁਣ ‘ਜਿਊਂਦੀਆਂ ਜਾਗਦੀਆਂ ਲੋਥਾਂ’ ਹਨ। ਪਾਰਟੀ ਦੇ ਮੁੱਖ ਤਰਜਮਾਨ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕੁਝ ਨਹੀਂ ਕਿਹਾ। ਮੈਂ ਤਾਂ ਇੰਨਾ ਹੀ ਕਿਹਾ ਸੀ ਕਿ ਉਨ੍ਹਾਂ (ਬਾਗ਼ੀ ਵਿਧਾਇਕਾਂ) ਦਾ ਜ਼ਮੀਰ ਮਰ ਚੁੱਕਾ ਹੈ ਤੇ ਉਹ ਜਿਊਂਦੀ ਜਾਗਦੀ ਲੋਥਾਂ ਹਨ।’’ -ਪੀਟੀਆਈ