ਮੁੰਬਈ: ਸ਼ਿਵ ਸੈਨਾ ਨੇ ਬਿਲਕੀਸ ਬਾਨੋ ਕਾਂਡ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਹੈ ਕਿ ਬਲਾਤਕਾਰੀਆਂ ਦਾ ਸਨਮਾਨ ਕਰਨਾ ਕੀ ‘ਹਿੰਦੂ ਸੱਭਿਆਚਾਰ’ ਦਾ ਹਿੱਸਾ ਹੈ। ਇਹ ਟਿੱਪਣੀ ਸ਼ਿਵ ਸੈਨਾ ਦੇ ਅਖ਼ਬਾਰ ਸਾਮਨਾ ’ਚ ‘ਰੋਕਠੋਕ’ ਕਾਲਮ ’ਚ ਕੀਤੀ ਗਈ ਹੈ ਜਿਸ ’ਤੇ ਕਾਰਜਕਾਰੀ ਸੰਪਾਦਕ ਸੰਜੈ ਰਾਊਤ ਦੇ ਨਾਮ ਦੀ ਬਜਾਏ ‘ਕੜਕਨਾਥ ਮੁੰਬਈਕਰ’ ਲਿਖਿਆ ਹੋਇਆ ਹੈ। ਲੇਖ ’ਚ ਕਿਹਾ ਗਿਆ ਹੈ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਆਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਜੋ ਬੋਲਦੇ ਹਨ, ਉਹ ਕਰਦੇ ਨਹੀਂ ਹਨ ਅਤੇ ਬਿਲਕੀਸ ਕੇਸ ’ਚ ਪਵਾਰ ਦੀ ਗੱਲ ਸਹੀ ਸਾਬਿਤ ਹੋਈ ਹੈ। ‘ਦੋਸ਼ੀਆਂ ਨੂੰ ਉਸ ਸਮੇਂ ਰਿਹਾਅ ਕੀਤਾ ਗਿਆ ਜਦੋਂ ਮੋਦੀ ਆਜ਼ਾਦੀ ਦਿਵਸ ਦੇ ਆਪਣੇ ਭਾਸ਼ਣ ’ਚ ਮਹਿਲਾ ਸ਼ਕਤੀਕਰਨ ਬਾਰੇ ਬੋਲ ਰਹੇ ਸਨ।’ ਲੇਖ ਮੁਤਾਬਕ ਬਿਲਕੀਸ ਬਾਨੋ ਦੇ ਮੁਸਲਿਮ ਹੋਣ ਕਾਰਨ ਉਸ ਖ਼ਿਲਾਫ਼ ਜੁਰਮ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਗੁਜਰਾਤ ਦੌਰੇ ਮੌਕੇ ਬਿਲਕੀਸ ਦੇ ਘਰ ਜਾ ਕੇ ਉਸ ਨੂੰ ਹਮਾਇਤ ਦੇਣ। -ਪੀਟੀਆਈ