ਮੁੰਬਈ, 17 ਨਵੰਬਰ
ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਸ਼ਿਵ ਸੈਨਾ ‘ਹਿੰਦੂਤਵਵਾਦੀ’ ਹੈ ਅਤੇ ਹਮੇਸ਼ਾ ਰਹੇਗੀ ਅਤੇ ਊਸ ਨੂੰ ਇਸ ਵਿਚਾਰਧਾਰਾ ਪ੍ਰਤੀ ਆਪਣੀ ਦ੍ਰਿੜ੍ਹਤਾ ਸਬੰਧੀ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ੍ਰੀ ਰਾਊਤ ਨੇ ਇਹ ਟਿੱਪਣੀਆਂ ਇੱਥੇ ਦਾਦਰ ਦੇ ਸ਼ਿਵਾਜੀ ਪਾਰਕ ਵਿੱਚ ਸ਼ਿਵ ਸੈਨਾ ਮੋਢੀ ਮਰਹੂਮ ਬਾਲ ਠਾਕਰੇ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਪਿਛਲੇ ਸਾਲ ਲੰਮੇ ਸਮੇਂ ਦੀ ਆਪਣੀ ਸਹਿਯੋਗੀ ਭਾਜਪਾ ਨਾਲ ਨਾਤਾ ਤੋੜਨ ਵਾਲੀ ਸ਼ਿਵ ਸੈਨਾ ਨੈਸ਼ਨਲ ਕਾਂਗਰਸ ਪਾਰਟੀ ਅਤੇ ਕਾਂਗਰਸ ਵਰਗੇ ਭਾਈਵਾਲਾਂ ਨਾਲ ਮਿਲ ਕੇ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਚਲਾ ਰਹੀ ਹੈ। ਰਾਊਤ ਨੇ ਕਿਹਾ, ‘‘ਸਾਨੂੰ ਹਿੰਦੂਤਵ ਲਈ ਕਿਸੇ ਹੋਰ ਪਾਰਟੀ ਤੋਂ ਤਸਦੀਕ ਦੀ ਲੋੜ ਨਹੀਂ ਹੈ। ਅਸੀਂ ਕੱਟੜ ਹਿੰਤੂਤਵਵਾਦੀ ਰਹੇ ਹਾਂ, ਅੱਜ ਵੀ ਹਾਂ ਅਤੇ ਭਲਕੇ ਵੀ ਰਹਾਂਗੇ।’’ ਊਨ੍ਹਾਂ ਕਿਹਾ, ‘‘ਜਦੋਂ ਦੇਸ਼ ਨੂੰ ਇਸ ਦੀ ਲੋੜ ਪਈ ਤਾਂ ਸ਼ਿਵ ਸੈਨਾ ਹਿੰਦੂਤਵ ਦੀ ਤਲਵਾਰ ਨਾਲ ਸਾਹਮਣੇ ਆਵੇਗੀ।’’ -ਪੀਟੀਆਈ