ਮੁੰਬਈ, 9 ਅਕਤੂਬਰ
ਊਧਵ ਠਾਕਰੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ਨੇ ਚੋਣ ਕਮਿਸ਼ਨ ਨੂੰ ਆਪਣੇ ਚੋਣ ਨਿਸ਼ਾਨ ਲਈ ਤ੍ਰਿਸ਼ੂਲ, ਚੜ੍ਹਦਾ ਸੂਰਜ ਜਾਂ ਮਸ਼ਾਲ ਵਜੋਂ ਤਿੰਨ ਬਦਲ ਦਿੱਤੇ ਹਨ। ਪਾਰਟੀ ਦੇ ਨਾਮ ਲਈ ਉਨ੍ਹਾਂ ਸ਼ਿਵ ਸੈਨਾ (ਬਾਲਾਸਾਹਿਬ ਠਾਕਰੇ), ਸ਼ਿਵ ਸੈਨਾ (ਪ੍ਰਬੋਧੰਕਰ ਠਾਕਰੇ) ਅਤੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨਾਮ ਦਿੱਤੇ ਹਨ।
ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਧੜੇ ਨੂੰ ਬਿਨਾਂ ਕਿਸੇ ਦੇਰੀ ਦੇ ਨਾਮ ਅਤੇ ਚੋਣ ਨਿਸ਼ਾਨ ਜਾਰੀ ਕਰੇ। ਉਨ੍ਹਾਂ ਆਪਣੇ ਵਰਚੁਅਲੀ ਸੰਬੋਧਨ ’ਚ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਅਨਿਆਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਫ਼ੈਸਲੇ ਤੋਂ ਹੈਰਾਨ ਹਨ ਪਰ ਉਨ੍ਹਾਂ ਦਾ ਭਰੋਸਾ ਅਤੇ ਸ਼ਿਵ ਸੈਨਿਕਾਂ ’ਚ ਯਕੀਨ ਖ਼ਤਮ ਨਹੀਂ ਹੋਇਆ ਹੈ। ਯੂਟਿਊਬ ਲਾਈਵ ’ਤੇ ਸੰਬੋਧਨ ਦੌਰਾਨ ਠਾਕਰੇ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਧੜੇ ਦੇ ਨਾਲ ਨਾਲ ਭਾਜਪਾ ’ਤੇ ਵੀ ਤਿੱਖੇ ਹਮਲੇ ਕੀਤੇ। ਚੋਣ ਕਮਿਸ਼ਨ ਨੇ ਅੰਧੇਰੀ ਪੂਰਬੀ ਹਲਕੇ ਦੀ 3 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ’ਚ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੇ ਧੜਿਆਂ ਨੂੰ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ‘ਤੀਰ ਕਮਾਨ’ ਦੀ ਵਰਤੋਂ ਕਰਨ ’ਤੇ ਸ਼ਨਿਚਰਵਾਰ ਨੂੰ ਪਾਬੰਦੀ ਲਗਾ ਦਿੱਤੀ ਸੀ। ਚੋਣ ਕਮਿਸ਼ਨ ਨੇ ਦੋਹਾਂ ਨੂੰ ਕਿਹਾ ਸੀ ਕਿ ਉਹ ਸੋਮਵਾਰ ਤੱਕ ਆਪੋ-ਆਪਣੀ ਪਾਰਟੀ ਲਈ ਤਿੰਨ-ਤਿੰਨ ਨਵੇਂ ਨਾਮ ਅਤੇ ਚੋਣ ਨਿਸ਼ਾਨ ਸੁਝਾਉਣ। ਕਮਿਸ਼ਨ ਦੋਵੇਂ ਗੁੱਟਾਂ ਵੱਲੋਂ ਸੁਝਾਏ ਗਏ ਨਾਵਾਂ ਅਤੇ ਚੋਣ ਨਿਸ਼ਾਨਾਂ ’ਚੋਂ ਉਨ੍ਹਾਂ ਨੂੰ ਕਿਸੇ ਇਕ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇਵੇਗਾ। -ਪੀਟੀਆਈ
ਚੋਣ ਕਮਿਸ਼ਨ ਨੇ ‘ਲੋਕਤੰਤਰ ਜਾਮ’ ਕੀਤਾ: ਸਿੱਬਲ
ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਸ਼ਿਵ ਸੈਨਾ ਦੇ ਚੋਣ ਨਿਸ਼ਾਨ ਦੀ ਵਰਤੋਂ ਨਾ ਕਰਨ ਦੇ ਦਿੱਤੇ ਹੁਕਮਾਂ ਮਗਰੋਂ ਸੰਸਦ ਮੈਂਬਰ ਕਪਿਲ ਸਿੱਬਲ ਨੇ ਚੋਣ ਕਮਿਸ਼ਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਸ ਦੀ ਇਸ ਕਾਰਵਾਈ ਨੇ ‘ਲੋਕਤੰਤਰ ਜਾਮ’ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਵਾਈ ਪਿੱਛੇ ਸਰਕਾਰ ਦਾ ਹੱਥ ਹੈ ਅਤੇ ਸਰਕਾਰ ਦਾ ਪੱਖ ਪੂਰਨ ਵਾਲੇ ਅਜਿਹੇ ਅਦਾਰਿਆਂ ’ਤੇ ਲਾਹਣਤ ਹੈ। ਉਨ੍ਹਾਂ ਕਿਹਾ ਕਿ ‘ਤੀਰ ਕਮਾਨ’ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਹੈ ਜੋ ਊਧਵ ਠਾਕਰੇ ਦੇ ਧੜੇ ਨਾਲ ਸਬੰਧਤ ਹੈ ਕਿਉਂਕਿ ਸ਼ਿੰਦੇ ਧੜਾ ਤਾਂ ਭਾਜਪਾ ਨਾਲ ਸਰਕਾਰ ਬਣਾ ਕੇ ਬੈਠਾ ਹੈ। -ਆਈਏਐਨਐਸ