ਪੁਣੇ: ਸ਼ਿਵ ਸੈਨਾ ਵਰਕਰਾਂ ਨੇ ਪਾਰਟੀ ਦੇ ਬਾਗ਼ੀ ਵਿਧਾਇਕ ਤਾਨਾਜੀ ਸਾਵੰਤ ਦੇ ਭੈਰਵਨਾਥ ਸ਼ੂਗਰ ਵਰਕਸ ’ਚ ਸਥਿਤ ਦਫ਼ਤਰ ’ਚ ਅੱਜ ਭੰਨ-ਤੋੜ ਕੀਤੀ। ਪਾਰਟੀ ਦੇ ਕਾਰਪੋਰੇਟਰ ਵਿਸ਼ਾਲ ਧਨਵੜੇ ਨੇ ਕਿਹਾ ਕਿ ਸਾਵੰਤ ਦੇ ਦਫ਼ਤਰ ਦੀ ਭੰਨ-ਤੋੜ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਂਦੇ ਦਿਨਾਂ ’ਚ ਹਰੇਕ ਬਾਗ਼ੀ ਦੇ ਦਫ਼ਤਰਾਂ ਨੂੰ ਤੋੜ ਦਿੱਤਾ ਜਾਵੇਗਾ। ਉਧਰ ਗੁਹਾਟੀ ’ਚ ਏਕਨਾਥ ਸ਼ਿੰਦੇ ਨਾਲ ਡਟੇ ਹੋਏ ਸਾਵੰਤ ਨੇ ਚਿਤਾਵਨੀ ਦਿੱਤੀ ਕਿ ਸਿਆਸੀ ਸੰਕਟ ਦਾ ਹੱਲ ਨਿਕਲਣ ਮਗਰੋਂ ਇਸ ਦਾ ਬਦਲਾ ਲਿਆ ਜਾਵੇਗਾ। ਮਰਾਠੀ ’ਚ ਫੇਸਬੁੱਕ ਪੋਸਟ ’ਚ ਉਸ ਨੇ ਕਿਹਾ,‘‘ਅਸੀਂ ਏਕਨਾਥ ਸ਼ਿੰਦੇ ਦੇ ਹੁਕਮਾਂ ’ਤੇ ਸ਼ਾਂਤ ਬੈਠੇ ਹਾਂ। ਮੈਂ ਪੂਰੀ ਨਿਮਰਤਾ ਨਾਲ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਹੱਦ ’ਚ ਰਹਿਣ।’’ ਘਟਨਾ ਦਾ ਜ਼ਿਕਰ ਕਰਦਿਆਂ ਡੀਸੀਪੀ ਸਾਗਰ ਪਾਟਿਲ ਨੇ ਕਿਹਾ ਕਿ ਇਸ ਸਬੰਧ ’ਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਨਾਗਪੁਰ ਸ਼ਹਿਰ ’ਚ ਬਾਗ਼ੀ ਧੜੇ ਦੇ ਆਗੂ ਏਕਨਾਥ ਸ਼ਿੰਦੇ ਦੇ ਵੱਡੇ ਬੈਨਰਾਂ ਨੂੰ ਯੁਵਾ ਸੈਨਾ ਵਰਕਰਾਂ ਨੇ ਹਟਾ ਦਿੱਤਾ। ਯੁਵਾ ਸੈਨਾ ਕਾਰਕੁਨਾਂ ਨੇ ਸ਼ਿੰਦੇ ਦੇ ਮਾਹਲ ਇਲਾਕੇ ਦੇ ਗਾਂਧੀ ਪੁਤਲਾ ਚੌਰਾਹੇ ’ਚ ਲੱਗੇ ਬੈਨਰ ਨੂੰ ਪਾੜ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਰਾਠੌੜ ਨੇ ਸ਼ਿੰਦੇ ਦੇ ਹਮਾਇਤੀਆਂ ਨੂੰ ਕਿਹਾ ਕਿ ਉਹ ਸ਼ਹਿਰ ’ਚ ਆਪਣੇ ਆਗੂ ਦਾ ਕੋਈ ਵੀ ਬੈਨਰ ਨਾ ਲਗਾਉਣ। -ਪੀਟੀਆਈ
ਸਾਡੇ ਵਿਧਾਇਕਾਂ ਦੇ ਘਰਾਂ ਦੀ ਸੁਰੱਖਿਆ ਹਟਾਈ: ਸ਼ਿੰਦੇ
ਮੁੰਬਈ: ਸ਼ਿਵ ਸੈਨਾ ਦੇ ਬਾਗ਼ੀ ਧੜੇ ਦੇ ਆਗੂ ਏਕਨਾਥ ਸ਼ਿੰਦੇ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨਾਲ ਜੁੜੇ 38 ਵਿਧਾਇਕਾਂ ਦੇ ਘਰਾਂ ਤੋਂ ਸੁਰੱਖਿਆ ਹਟਾ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਆਸੀ ਬਦਲਾਖੋਰੀ ਹੈ ਪਰ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਸੁਰੱਖਿਆ ਵਾਪਸ ਲੈਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਸ਼ਿੰਦੇ ਨੇ ਗੁਹਾਟੀ ਤੋਂ ਟਵਿਟਰ ’ਤੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਵਾਲਸੇ ਪਾਟਿਲ ਨੂੰ ਚਿੱਠੀ ਲਿਖੀ ਹੈ ਜਿਸ ’ਤੇ ਉਨ੍ਹਾਂ ਦੇ ਅਤੇ ਹੋਰ ਵਿਧਾਇਕਾਂ ਦੇ ਦਸਤਖ਼ਤ ਹਨ। ਚਿੱਠੀ ’ਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਤਾਂ ਮੁੱਖ ਮੰਤਰੀ ਠਾਕਰੇ, ਸ਼ਰਦ ਪਵਾਰ, ਸੰਜੈ ਰਾਊਤ, ਅਦਿੱਤਿਆ ਠਾਕਰੇ ਅਤੇ ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਆਗੂ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਢੰਗ ਨਾਲ ਬਦਲੇ ਦੀ ਕਾਰਵਾਈ ਤਹਿਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਸ਼ਿਵ ਸੈਨਾ ਉਨ੍ਹਾਂ ਨੂੰ ਤੋੜਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੀ ਮੰਗ ਨੂੰ ਛੱਡ ਦੇਣ। ਵਿਧਾਇਕਾਂ ਨੇ ਚਿੱਠੀ ’ਚ ਪੰਜਾਬ ਦਾ ਜ਼ਿਕਰ ਵੀ ਕੀਤਾ ਹੈ ਜਿਥੇ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਕਾਰਨ ਉਹ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। -ਪੀਟੀਆਈ