ਮੁੰਬਈ, 10 ਜੁਲਾਈ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਆਦਿੱਤਿਆ ਠਾਕਰੇ ਨੇ ਅੱਜ ਦਾਅਵਾ ਕੀਤਾ ‘ਭਰੋਸੇਯੋਗ ਲੋਕਾਂ’ ਵੱਲੋਂ ਪਾਰਟੀ ਨੂੰ ਧੋਖਾ ਦਿੱਤੇ ਜਾਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕਾਰਕੁਨ ਹਾਲੇ ਵੀ ਮਜ਼ਬੂਤੀ ਨਾਲ ਸੰਗਠਨ ਨਾਲ ਖੜ੍ਹੇ ਹਨ। ਮੁੰਬਈ ਦੇ ਉੱਤਰੀ ਉਪਨਗਰ ਦਹਿਸਰ ਵਿੱਚ ਆਪਣੀ ‘ਨਿਸ਼ਠਾ (ਵਫ਼ਾਦਾਰੀ) ਯਾਤਰਾ’ ਦੌਰਾਨ ਆਦਿੱਤਿਆ ਠਾਕਰੇ ਨੇ ਕਿਹਾ ਕਿ ਜਿਹੜੇ ਸ਼ਿਵ ਸੈਨਾ ਛੱਡਣਾ ਚਾਹੁੰਦੇ ਸਨ, ਉਹ ਚਲੇੇ ਗਏ ਪਰ ਜ਼ਮੀਨੀ ਪੱਧਰ ਦੇ ਸ਼ਿਵ ਸੈਨਿਕ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸਾਬਕਾ ਮੁੱਖ ਮੰਤਰੀ ਊਧਵ ਆਪੋ-ਆਪਣੇ ਧੜੇ ਨੂੰ ਅਸਲੀ ਸ਼ਿਵ ਸੈਨਾ ਹੋਣ ਦਾ ਦਾਅਵਾ ਕਰ ਰਹੇ ਹਨ। ਵਿਧਾਇਕ ਠਾਕਰੇ ਨੇ ਕਿਹਾ, ‘‘ਹਰ ਹਲਕੇ ਵਿੱਚ ਸਾਡੇ ਕੋਲ ਦੋ ਤੋਂ ਤਿੰਨ ਪ੍ਰਭਾਵਸ਼ਾਲੀ ਸ਼ਿਵ ਸੈਨਿਕ ਹਨ… ਪੁਰਸ਼ ਅਤੇ ਮਹਿਲਾਵਾਂ ਜੋ ਚੋਣ ਵਿੱਚ ਸਿਆਸੀ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਹਨ।’’ ਸਾਬਕਾ ਮੰਤਰੀ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਉਨ੍ਹਾਂ ਲੋਕਾਂ ਨੇ ‘ਧੋਖਾ’ ਦਿੱਤਾ ਹੈ ਜਿਨ੍ਹਾਂ ’ਤੇ ਉਹ ਭਰੋਸਾ ਕਰਦੀ ਸੀ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਛੱਡ ਕੇ ਖੁਸ਼ ਹਨ ਉਨ੍ਹਾਂ ਵਿੱਚ ਚੋਣਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ‘ਮਾਤੋਸ੍ਰੀ’ ਦੇ ਦਰਵਾਜ਼ੇ ਉਨ੍ਹਾਂ ਸਾਰਿਆਂ ਲਈ ਖੁੱਲ੍ਹੇ ਹਨ ਜਿਹੜੇ ਵਾਪਸ ਆਉਣਾ ਚਾਹੁੰਦੇ ਹਨ।’’ -ਪੀਟੀਆਈ