ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਮਜ਼ਦੂਰ ਅਧਿਕਾਰ ਸੰਗਠਨ ਦਾ ਕਾਰਕੁਨ ਸ਼ਿਵ ਕੁਮਾਰ ਅੱਜ ਸੋਨੀਪਤ ਦੀ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ। ਉਸ ਦੀ ਤੀਜੇ ਮਾਮਲੇ ਵਿੱਚ ਵੀ ਜ਼ਮਾਨਤ ਮਨਜ਼ੂਰ ਹੋਣ ਮਗਰੋਂ ਇਹ ਰਿਹਾਈ ਸੰਭਵ ਹੋ ਸਕੀ। ਉਸ ਨੂੰ ਕੁੰਡਲੀ ਇਲਾਕੇ ਵਿੱਚ ਮਜ਼ਦੂਰਾਂ ਦੇ ਹੱਕਾਂ ’ਚ ਆਵਾਜ਼ ਉਠਾਉਣ ਦੌਰਾਨ ਇਕ ਸਥਾਨਕ ਕੰਪਨੀ ਦੇ ਲੋਕਾਂ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਮਜ਼ਦੂਰ ਕਾਰਕੁਨ ਨੌਦੀਪ ਕੌਰ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਖ਼ਿਲਾਫ਼ ਧਾਰਾ 307 ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਸੋਨੀਪਤ ਪੁਲੀਸ ਨੇ ਕੇਸ ਦਰਜ ਕੀਤਾ ਸੀ।
ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਕਨਵੀਨਰ ਵਕੀਲ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਆਰਐੱਸ ਚੀਮਾ ਦੀ ਅਗਵਾਈ ਵਾਲੇ ਪੈਨਲ ਵੱਲੋਂ ਨੌਦੀਪ ਕੌਰ ਤੇ ਸ਼ਿਵ ਕੁਮਾਰ ਦੇ ਪੈਰਵੀ ਕੀਤੀ ਗਈ ਅਤੇ ਸ਼ਿਵ ਕੁਮਾਰ ਨੂੰ ਹੁਣ ਉਸ ਤੀਜੇ ਮਾਮਲੇ ਵਿੱਚੋਂ ਵੀ ਜ਼ਮਾਨਤ ਮਿਲ ਚੁੱਕੀ ਹੈ। ਨੌਦੀਪ ਕੌਰ ਨੇ ਸੋਨੀਪਤ ਪੁਲੀਸ ’ਤੇ ਉਸ ਅਤੇ ਸ਼ਿਵ ਕੁਮਾਰ ਉਪਰ ਅਣਮਨੁੱਖੀ ਤਸ਼ੱਦਦ ਕਰਨ ਦਾ ਕਥਿਤ ਦੋਸ਼ ਲਾਇਆ ਗਿਆ ਸੀ ਤੇ ਕਿਹਾ ਸੀ ਕਿ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਤੇ ਐਨਕਾਂ ਵੀ ਨਹੀਂ ਸੀ ਦਿੱਤੀਆਂ।