ਨਵੀਂ ਦਿੱਲੀ, 20 ਜਨਵਰੀ
ਭਾਰਤ ਵੱਲੋਂ ਗੁਆਂਢੀ ਮੁਲਕਾਂ ਭੂਟਾਨ ਅਤੇ ਮਾਲਦੀਵ ਲਈ ਭੇਜੀ ਗਈ ਕੋਵਿਡ-19 ਵੈਕਸੀਨ ਦੀ ਖੇਪ ਅੱਜ ਉਥੇ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ ’ਤੇ ਤਸਵੀਰਾਂ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਭਾਰਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਬੁੱਧਵਾਰ ਤੋਂ ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਸੈਸ਼ਲਜ਼ ਨੂੰ ਕੋਵਿਡ-19 ਵੈਕਸੀਨ ਭੇਜਣਾ ਸ਼ੁਰੂ ਕਰ ਦੇਵੇਗਾ। ਸ੍ਰੀਲੰਕਾ, ਅਫ਼ਗਾਨਿਸਤਾਨ ਅਤੇ ਮੌਰੀਸ਼ਸ ਨੂੰ ਟੀਕੇ ਲੋੜੀਂਦੀ ਪ੍ਰਵਾਨਗੀ ਮਿਲਣ ਮਗਰੋਂ ਭੇਜੇ ਜਾਣਗੇ। ਜਾਣਕਾਰੀ ਮੁਤਾਬਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਬਣਾਈ ਗਈ ਕੋਵੀਸ਼ੀਲਡ ਵੈਕਸੀਨ ਦੀਆਂ ਡੇਢ ਲੱਖ ਖੁਰਾਕਾਂ ਭੂਟਾਨ ਅਤੇ ਇਕ ਲੱਖ ਖੁਰਾਕਾਂ ਮਾਲਦੀਵ ਭੇਜੀਆਂ ਗਈਆਂ ਹਨ। -ਪੀਟੀਆਈ