ਨਵੀਂ ਦਿੱਲੀ, 8 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਪਿਆਰੇ ਮਿੱਤਰ’ ਸ਼ਿੰਜੋ ਆਬੇ ਦੇ ਦੇਹਾਂਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕੁੱਲ ਆਲਮ ਨੂੰ ਵਧੀਆ ਥਾਂ ਬਣਾਉਣ ਲਈ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵੱਲੋਂ ਸ਼ਿੰਜੋ ਦੇ ਸਤਿਕਾਰ ਵਜੋਂ ਭਲਕੇ 9 ਜੁਲਾਈ ਨੂੰ ਇਕ ਦਿਨਾ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਟਵਿੱਟਰ ’ਤੇ ਭਾਵੁਕ ਪੋਸਟਾਂ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਹਾਲੀਆ ਜਾਪਾਨ ਫੇਰੀ ਦੌਰਾਨ ਉਨ੍ਹਾਂ ਨੂੰ ਆਬੇ ਨੂੰ ਮੁੜ ਮਿਲਣ ਦਾ ਮੌਕਾ ਮਿਲਿਆ ਸੀ ਤੇ ਉਨ੍ਹਾਂ ਕਈ ਮੁੱਦਿਆਂ ’ਤੇ ਚਰਚਾ ਕੀਤੀ, ਪਰ ਉਨ੍ਹਾਂ ਨੂੰ ‘ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਸਦਮੇ ਵਿੱਚ ਅਤੇ ਉਦਾਸ ਹਨ। ਉਨ੍ਹਾਂ ਕੋਲ ਆਪਣੇ ਸਭ ਤੋਂ ‘ਪਿਆਰੇ ਮਿੱਤਰਾਂ’ ਵਿੱਚੋਂ ਇਕ ਦੇ ਦੁਖਦਾਈ ਅਕਾਲ ਚਲਾਣੇ ਲਈ ਸ਼ਬਦ ਨਹੀਂ ਹਨ। ਸ੍ਰੀ ਮੋਦੀ ਨੇ ਟੋਕੀਓ ਵਿੱਚ ਆਬੇ ਨਾਲ ਹਾਲੀਆ ਮੀਟਿੰਗ ਦੀ ਤਸਵੀਰ ਵੀ ਸਾਂਝੀ ਕੀਤੀ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸ਼ਿੰਜੋ ਆਬੇ ਦੀ ਹੱਤਿਆ ਨਾਲ ਉਨ੍ਹਾਂ ਨੂੰ ਸਦਮਾ ਲੱਗਾ ਹੈ। ਉਨ੍ਹਾਂ ਆਬੇ ਨੂੰ ਭਾਰਤ ਦਾ ‘ਅਸਾਧਾਰਨ ਦੋਸਤ’ ਦੋਸਤ ਦੱਸਿਆ, ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਕੁਝ ਕੀਤਾ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਿੰਜੋ ਆਬੇ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਭਾਰਤ-ਜਾਪਾਨ ਰਣਨੀਤਕ ਰਿਸ਼ਤਿਆਂ ਦੀ ਮਜ਼ਬੂਤੀ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।