ਮੁੰਬਈ: ਬਾਗ਼ੀ ਸ਼ਿਵ ਸੈਨਾ ਵਿਧਾਇਕ ਸੰਜੈ ਸ਼ਿਰਸਾਤ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਸਰਕਾਰ ’ਚ ਮੰਤਰੀ ਏਕਨਾਥ ਸ਼ਿੰਦੇ ਨੇ ਪਾਰਟੀ ਲੀਡਰਸ਼ਿਪ ਖਿਲਾਫ਼ ਜਾਣ ਦਾ ਕਦਮ ਚੁੱਕਿਆ ਕਿਉਂਕਿ ਸੈਨਾ ਵਿਧਾਇਕਾਂ, ਜੋ ਪਿਛਲੇ ਢਾਈ ਸਾਲਾਂ ਤੋਂ ‘ਅਪਮਾਨ’ ਝੱਲ ਰਹੇ ਸਨ, ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਜ਼ੋਰ ਪਾਇਆ ਸੀ। ਪੱਤਰ, ਜਿਸ ਉੱਤੇ 22 ਜੂਨ ਦੀ ਤਰੀਕ ਪਈ ਹੋਈ ਹੈ, ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਿਵ ਸੈਨਾ ਵਿਧਾਇਕਾਂ ਦੀ ਮੁੱਖ ਮੰਤਰੀ ਤੱਕ ਕੋਈ ਰਸਾਈ ਨਹੀਂ ਸੀ ਜਦੋਂਕਿ ਕਾਂਗਰਸ ਤੇ ਐੱਨਸੀਪੀ, ਜੋ ਸੈਨਾ ਦੇ ‘ਅਸਲ ਵਿਰੋਧੀ’ ਹਨ, ਵੱਲ ਹੀ ਸਾਰਾ ਧਿਆਨ ਕੇਂਦਰਤ ਸੀ। ਔਰੰਗਾਬਾਦ (ਪੱਛਮੀ) ਹਲਕੇ ਤੋਂ ਵਿਧਾਇਕ ਸ਼ਿਰਸਾਤ ਨੇ ਪੱਤਰ ਵਿੱਚ ਲਿਖਿਆ ਕਿ ਸ਼ਿਵ ਸੈਨਾ ਦੇ ਸੱਤਾ ਵਿੱਚ ਹੋਣ ਤੇ ਉਨ੍ਹਾਂ ਦਾ ਆਪਣਾ ਮੁੱਖ ਮੰਤਰੀ ਹੋਣ ਦੇ ਬਾਵਜੂਦ, ਠਾਕਰੇ ਦੁਆਲੇ ਜੁੜੀ ਜੁੰਡਲੀ ਨੇ ਉਨ੍ਹਾਂ ਨੂੰ ਕਦੇ ਵੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਤੱਕ ਪਹੁੰਚ ਦੀ ਇਜਾਜ਼ਤ ਨਹੀਂ ਦਿੱਤੀ। ਵਿਧਾਇਕ ਨੇ ਕਿਹਾ ਕਿ ਸੂਬਾ ਸਕੱਤਰੇਤ ‘ਮੰਤਰਾਲੇ’ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਮੁੱਖ ਮੰਤਰੀ ਉਥੇ ਕਦੇ ਗਏ ਹੀ ਨਹੀਂ। ਸ਼ਿਰਸਾਤ ਨੇ ਕਿਹਾ ਕਿ ਏਕਨਾਥ ਸ਼ਿੰਦੇ ਨੇ ਪਾਰਟੀ ਵਿਧਾਇਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਆਪਣੇ ਦਰ ਖੋਲ੍ਹੇ ਤੇ ਪਾਰਟੀ ਵਿਧਾਇਕਾਂ ਨੇ ਹੀ ਮਿਲ ਕੇ ਸ਼ਿੰਦੇ ਨੂੰ ਬਾਗ਼ੀ ਕਦਮ ਚੁੱਕਣ ਲਈ ਜ਼ੋਰ ਪਾਇਆ। ਠਾਕਰੇ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਦੇ ਬਾਹਰ ਬੁੱਧਵਾਰ ਨੂੰ ਸ਼ਿਵ ਸੈਨਿਕਾਂ ਵੱਲੋਂ ਕੀਤੇ ਸ਼ਕਤੀ ਪ੍ਰਦਰਸ਼ਨ ਦੇ ਹਵਾਲੇ ਨਾਲ ਸ਼ਿਰਸਾਤ ਨੇ ਕਿਹਾ ਕਿ ਸਹੀ ਮਾਅਨਿਆਂ ਵਿੱਚ ‘ਵਰਸ਼ਾ’ ਦੇ ਦਰ ਆਮ ਲੋਕਾਂ ਲਈ ਲੰਘੇ ਦਿਨ ਖੁੱਲ੍ਹੇ ਸਨ। ਵਿਧਾਇਕਾਂ ਦੀ ਅਗਵਾਈ ਕਰ ਰਹੇ ਏਕਨਾਥ ਸ਼ਿੰਦੇ ਨੇ ਇਹ ਪੱਤਰ ਆਪਣੇ ਟਵਿੱਟਰ ਹੈਂਡਲ ’ਤੇ ਪਾਉਂਦਿਆਂ ਦਾਅਵਾ ਕੀਤਾ ਕਿ ਇਹ ਸੈਨਾ ਵਿਧਾਇਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। -ਪੀਟੀਆਈ