ਗੁਹਾਟੀ, 24 ਜੂਨ
ਕਾਂਗਰਸ ਨੇ ਏਕਨਾਥ ਸ਼ਿੰਦੇ ਤੇ ਸ਼ਿਵ ਸੈਨਾ ਦੇ ਹੋਰਨਾਂ ਬਾਗ਼ੀ ਵਿਧਾਇਕਾਂ ਨੂੰ ਹੜ੍ਹਾਂ ਦੀ ਮਾਰ ਝੱਲ ਰਹੇ ਆਸਾਮ ਸੂਬੇ ਨੂੰ ਛੱਡਣ ਲਈ ਕਿਹਾ ਹੈ। ਕਾਂਗਰਸ ਦੀ ਆਸਾਮ ਇਕਾਈ ਦੇ ਵਰਕਰਾਂ ਨੇ ਅੱਜ ਗੁਹਾਟੀ ਵਿੱਚ ਉਸ ਲਗ਼ਜ਼ਰੀ ਹੋਟਲ ਨਜ਼ਦੀਕ ਧਰਨਾ ਪ੍ਰਦਰਸ਼ਨ ਕੀਤਾ, ਜਿੱਥੇ ਸ਼ਿੰਦੇ ਤੇ ਹੋਰ ਵਿਧਾਇਕ ਡੇਰੇ ਲਾਈ ਬੈਠੇ ਹਨ। ਆਸਾਮ ਕਾਂਗਰਸ ਦੇ ਪ੍ਰਧਾਨ ਭੁਪੇਨ ਬੋਰਾ ਨੇ ਸ਼ਿੰਦੇ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਜਿਹੇ ਅਹਿਮ ਮੌਕੇ ਉਨ੍ਹਾਂ ਦੀ ਮੌਜੂਦਗੀ ਨਾਲ ਸੂਬੇ ਦੀ ਦਿੱਖ ਨੂੰ ਢਾਹ ਲੱਗੀ ਹੈ। ਹੋਟਲ ਦੇ ਬਾਹਰ ਵੱਡੀ ਗਿਣਤੀ ਪੁਲੀਸ ਤਾਇਨਾਤ ਹੋਣ ਕਰਕੇ ਕਾਂਗਰਸ ਆਗੂਆਂ ਨੂੰ ਹੋਟਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਆਗੂਆਂ ਨੇ ਪੁਲੀਸ ਅਧਿਕਾਰੀ ਨੂੰ ਪੱਤਰ ਅੱਗੇ ਸ਼ਿਵ ਸੈਨਾ ਆਗੂ ਤੱਕ ਪੁੱਜਦਾ ਕਰਨ ਦੀ ਬੇਨਤੀ ਕੀਤੀ। ਬੋਰਾ ਨੇ ਪੱਤਰ ਵਿੱਚ ਕਿਹਾ, ‘‘ਆਸਾਮ ਉਹ ਧਰਤੀ ਹੈ, ਜਿੱਥੇ ਲੋਕ ਕਦਰਾਂ ਕੀਮਤਾਂ ਦਾ ਬਹੁਤ ਸਤਿਕਾਰ ਕਰਦੇ ਹਨ, ਪਰ ਗੁਹਾਟੀ ਵਿੱਚ ਮਹਾਰਾਸ਼ਟਰ ਦੀ ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕਾਂ ਨਾਲ ਤੁਹਾਡੀ ਮੌਜੂਦਗੀ ਕਰਕੇ ਲੋਕਾਂ ਵਿੱਚ ਗ਼ਲਤ ਸੁਨੇਹਾ ਜਾ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੂੰ ਡੇਗਣ ਦੇ ਇਰਾਦੇ ਨਾਲ ਕਥਿਤ ਖਰੀਦੋ ਫਰੋਖਤ ਦੇ ਇਰਾਦੇ ਨਾਲ ਵਿਧਾਇਕਾਂ ਨੂੰ ਲਗਜ਼ਰੀ ਹੋਟਲ ਵਿੱਚ ਰੱਖਿਆ ਗਿਆ ਹੈ।’’ -ਪੀਟੀਆਈ