ਮੁੰਬਈ/ਗੁਹਾਟੀ: ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਵੱਲੋਂ ਸੁੱਲ੍ਹਾ ਸਫ਼ਾਈ ਲਈ ਕੀਤੇ ਯਤਨਾਂ ਦਰਮਿਆਨ ਬਾਗ਼ੀ ਆਗੂ ਏਕਨਾਥ ਸ਼ਿੰਦੇ ਨੇ ਪਾਰਟੀ ਲੀਡਰਸ਼ਿਪ ਨੂੰ ਸੰਜੈ ਰਾਊਤ ਤੇ ਆਦਿੱਤਿਆ ਠਾਕਰੇ ਵੱਲੋਂ ਬਾਗ਼ੀ ਵਿਧਾਇਕਾਂ ਖਿਲਾਫ਼ ਕੀਤੀਆਂ ਟਿੱਪਣੀਆਂ ਚੇਤੇ ਕਰਵਾਈਆਂ ਹਨ। ਸ਼ਿੰਦੇ ਨੇ ਮਰਾਠੀ ਵਿੱਚ ਟਵੀਟ ਕੀਤਾ, ‘‘ਇਕ ਪਾਸੇ ਤੁਹਾਡਾ ਪੁੱਤਰ (ਆਦਿੱਤਿਆ) ਤੇ ਤਰਜਮਾਨ (ਰਾਊਤ) ਬਾਲਾਸਾਹਿਬ ਠਾਕਰੇ ਦੇ ਸਤਿਕਾਰਯੋਗ ਸ਼ਿਵ ਸੈਨਿਕਾਂ ਨੂੰ ਸੂਰ, ਨਾਲੇ ਦੀ ਗੰਦਗੀ, ਕੁੱਤੇ, ਲੋਥਾਂ, ‘ਜਾਹਿਲ’ ਦੱਸਦੇ ਹੋ, ਜਦੋਂਕਿ ਦੂਜੇ ਪਾਸੇ ਹਿੰਦੂ ਵਿਰੋਧੀ ਐੱਮਵੀਏ ਸਰਕਾਰ ਨੂੰ ਬਚਾਉਣ ਲਈ ਬਾਗ਼ੀ ਵਿਧਾਇਕਾਂ ਨੂੰ ਸਮਝੌਤੇ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਦਾ ਕੀ ਮਤਲਬ ਹੈ?’’ ਇਸ ਤੋਂ ਪਹਿਲਾਂ ਸ਼ਿੰਦੇ ਨੇ ਅੱਜ ਕਿਹਾ ਕਿ ਉਹ ਜਲਦੀ ਹੀ ਮੁੰਬਈ ਮੁੜ ਜਾਣਗੇ। ਉਨ੍ਹਾਂ ਆਪਣੇ ਖੇਮੇ ਦੇ ਘੱਟੋ-ਘੱਟ 20 ਵਿਧਾਇਕ ਊਧਵ ਦੀ ਅਗਵਾਈ ਵਾਲੇ ਪਾਰਟੀ ਦੇ ਸੰਪਰਕ ’ਚ ਹੋਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਸ਼ਿੰਦੇ ਨੇ ਕਿਹਾ ਕਿ ਉਸ ਕੋਲ 50 ਵਿਧਾਇਕਾਂ ਦੀ ਹਮਾਇਤ ਹੈ। ਸ਼ਿੰਦੇ ਨੇ ਕਿਹਾ, ‘‘ਇਹ ਸਾਰੇ ਵਿਧਾਇਕ ਆਪਣੀ ਮਰਜ਼ੀ ਨਾਲ ਇਥੇ ਆਏ ਹਨ ਤੇ ਉਨ੍ਹਾਂ ਦਾ ਮੁੱਖ ਮੰਤਵ ਹਿੰਦੂਤਵ ਨੂੰ ਅੱਗੇ ਲਿਜਾਣਾ ਹੈ।’’ ਉਨ੍ਹਾਂ ਕਿਹਾ, ‘‘ਦੂਜੇ ਪਾਸੇ ਦੇ ਕੁਝ ਲੋਕ ਦਾਅਵਾ ਕਰਦੇ ਨਹੀਂ ਥੱਕਦੇ ਕਿ ਕੁਝ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜੇਕਰ ਅਜਿਹੀ ਗੱਲ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਦੇ ਨਾਮ ਦੱਸ ਦੇਣੇ ਚਾਹੀਦੇ ਹਨ।’’ ਸ਼ਿੰਦੇ ਨੇ ਕਿਹਾ, ‘‘ਸਾਡਾ ਸਟੈਂਡ ਸਪਸ਼ਟ ਹੈ…ਸ਼ਿਵ ਸੈਨਾ ਨੂੰ ਅੱਗੇ ਲੈ ਕੇ ਜਾਣਾ ਹੈ, ਮਰਹੂਮ ਬਾਲਾਸਾਹਿਬ ਠਾਕਰੇ ਦਾ ਇਹ ਸੁਫ਼ਨਾ ਸੀ। ਅਸੀਂ ਉਨ੍ਹਾਂ ਦੀ ਹਿੰਦੂਤਵ ਦੀਆਂ ਲੀਹਾਂ ’ਤੇ ਤੁਰੇ ਜਾਵਾਂਗੇ।’’ ਸ਼ਿੰਦੇ ਨੇ ਕਿਹਾ ਕਿ ਸੈਨਾ ਵਿਧਾਇਕ ਦੀਪਕ ਕੇਸਰਕਰ ਬਾਗ਼ੀ ਵਿਧਾਇਕਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਕੇ ਆਪਣੀ ਭਵਿੱਖੀ ਪੇਸ਼ਕਦਮੀ ਬਾਰੇ ਦੱਸਣਗੇ। ਬਾਗ਼ੀ ਆਗੂ ਨੇ ਕਿਹਾ, ‘‘ਇਥੇ ਮੌਜੂਦ ਸ਼ਿਵ ਸੈਨਾ ਵਿਧਾਇਕਾਂ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਸਾਰੇ ਵਿਧਾਇਕ ਖ਼ੁਸ਼ ਤੇ ਠੀਕ ਹਨ। ਕੋਈ ਵੀ ਇਥੇ ਨਿੱਜੀ ਮੁਫ਼ਾਦਾਂ ਲਈ ਨਹੀਂ ਆਇਆ।’’ ਸ਼ਿਵ ਸੈਨਾ ਦੇ ਮੰਤਰੀ ਉਦੈ ਸਾਮੰਤ, ਜੋ ਬਾਗ਼ੀ ਵਿਧਾਇਕਾਂ ਵਾਲੇ ਖੇਮੇ ਦਾ ਹਿੱਸਾ ਹਨ, ਨੇ ਕਿਹਾ ਕਿ ਗੁਹਾਟੀ ਵਿੱਚ ਮੌਜੂਦ ਕੋਈ ਵੀ ਵਿਧਾਇਕ ਮੁੰਬਈ ਵਿੱਚ ਕਿਸੇ ਪਾਰਟੀ ਆਗੂ ਦੇ ਸੰਪਰਕ ਵਿੱਚ ਨਹੀਂ ਹੈ। ਸਾਮੰਤ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਬਿਆਨ ਵਿੱਚ ਕਿਹਾ, ‘‘ਅਸੀਂ ਮੁੰਬਈ ਵਿੱਚ ਕਿਸੇ ਵੀ ਸ਼ਿਵ ਸੈਨਾ ਆਗੂ ਦੇ ਸੰਪਰਕ ਵਿੱਚ ਨਹੀਂ ਹਾਂ। ਸਾਡਾ ਰਾਬਤਾ ਸਿਰਫ਼ ਏਕਨਾਥ ਸ਼ਿੰਦੇ ਨਾਲ ਹੈ। -ਪੀਟੀਆਈ
22 ਬਾਗ਼ੀ ਵਿਧਾਇਕ ਐੱਨਸੀਪੀ ’ਚੋਂ ਸ਼ਿਵ ਸੈਨਾ ’ਚ ਆਏ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਹਿੰਦੂਤਵ ਦੀ ਰਾਖੀ ਲਈ ਲੜਾਈ ਲੜਨ ਦੇ ਬਾਗ਼ੀ ਸੈਨਾ ਵਿਧਾਇਕਾਂ ਦੇ ਦਾਅਵਿਆਂ ਨੂੰ ਭੰਡਦਿਆਂ ਅੱਜ ਕਿਹਾ ਕਿ ਇਨ੍ਹਾਂ ਵਿੱਚੋਂ ਅੱਧੇ ਨਾਲੋਂ ਵਧ ਵਿਧਾਇਕ ਪਹਿਲਾਂ ਐੱਨਸੀਪੀ ਨਾਲ ਸਨ। ਮੁੰਬਈ ਨੇੜੇ ਅਲੀਬਾਗ਼ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਊਤ ਨੇ ਕਿਹਾ, ‘‘ਏਕਨਾਥ ਸ਼ਿੰਦੇ ਦੇ ਹਮਾਇਤੀ ਬਾਗ਼ੀ ਵਿਧਾਇਕ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਪਾਰਟੀ ਦੇ ਬਾਨੀ ਬਾਲਾਸਾਹਿਬ ਠਾਕਰੇ ਵੱਲੋਂ ਛੇੜੀ ਹਿੰਦੂਤਵ ਦੀ ਰੱਖਿਆ ਦੀ ਲੜਾਈ ਲਈ ਖੜ੍ਹੇ ਹਨ। ਇਨ੍ਹਾਂ ਵਿੱਚੋਂ 22 ਜਣੇ ਰਾਸ਼ਟਰਵਾਦੀ ਕਾਂਗਰਸ ਪਾਰਟੀ ’ਚੋਂ ਆਏ ਹਨ। ਇਹ ਕਿਹੜੇ ਹਿੰਦੂਤਵ ਦੀ ਗੱਲ ਕਰਦੇ ਹਨ? ਜਿਨ੍ਹਾਂ ਬਾਲਾਸਾਹਿਬ ਠਾਕਰੇ ਦਾ ਵਿਰੋਧ ਕੀਤਾ, ਉਨ੍ਹਾਂ ਆਪਣਾ ਕਰੀਅਰ ਤਬਾਹ ਕਰ ਲਿਆ।’’ -ਪੀਟੀਆਈ
ਈਡੀ ਵੱਲੋਂ ਸੰਜੈ ਰਾਊਤ ਨੂੰ ਪਹਿਲੀ ਜੁਲਾਈ ਲਈ ਸੰਮਨ
ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੂੰ ਮੁੰਬਈ ਦੀ ਇਕ ‘ਚਾਲ’ ਦੀ ਮੁਰੰਮਤ ਨਾਲ ਸਬੰਧਤ ਭ੍ਰਿਸ਼ਟਾਚਾਰ ਤੇ ਹੋਰ ਵਿੱਤੀ ਲੈਣ ਦੇਣ ਦੇ ਮਾਮਲਿਆਂ ਦੀ ਪੁੱਛ-ਪੜਤਾਲ ਲਈ ਪਹਿਲੀ ਜੁਲਾਈ ਲਈ ਸੰਮਨ ਜਾਰੀ ਕੀਤੇ ਹਨ। ਇਸ ਕੇਸ ਵਿੱਚ ਰਾਊਤ ਦੀ ਪਤਨੀ ਤੇ ਦੋੋਸਤਾਂ ਦੇ ਨਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਰਾਊਤ ਨੂੰ ਸੰਮਨ ਭੇਜ ਕੇ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਰਾਜ ਸਭਾ ਮੈਂਬਰ ਨੇ ਕਿਸੇ ਜ਼ਰੂਰੀ ਰੁਝੇਵੇਂ ਦੇ ਹਵਾਲੇ ਨਾਲ ਪੇਸ਼ ਹੋਣ ਲਈ 14 ਦਿਨਾਂ ਦੀ ਮੋਹਲਤ ਮੰਗੀ ਸੀ। -ਪੀਟੀਆਈ
ਊਧਵ, ਆਦਿੱਤਿਆ ਤੇ ਰਾਊਤ ਖਿਲਾਫ਼ ਪਟੀਸ਼ਨ
ਮੁੰਬਈ: ਮਹਾਰਾਸ਼ਟਰ ਸਰਕਾਰ ਤੇ ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਵਿਚ ਬਣੇ ਜਮੂਦ ਦਰਮਿਆਨ ਬੰਬੇ ਹਾਈ ਕੋਰਟ ਵਿੱਚ ਅੱਜ ਇਕ ਜਨਹਿਤ ਪਟੀਸ਼ਨ ਦਾਖ਼ਲ ਕਰਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਮੰਤਰੀ ਆਦਿੱਤਿਆ ਠਾਕਰੇ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਖਿਲਾਫ਼ ਦੇਸ਼ਧ੍ਰੋਹ ਤੇ ਅਮਨ-ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪੁਣੇ ਆਧਾਰਿਤ ਸਮਾਜ ਸੇਵੀ ਹੇਮੰਤ ਪਾਟਿਲ ਵੱਲੋਂ ਦਾਇਰ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਇਸ ਤਿੱਕੜੀ ਨੂੰ ਏਕਨਾਥ ਸ਼ਿੰਦੇ ਖ਼ਿਲਾਫ਼ ਅੱਗੋਂ ਕੋਈ ਹੋਰ ਬਿਆਨ ਦੇਣ ਤੋਂ ਵਰਜੇ। -ਪੀਟੀਆਈ