ਮੁੰਬਈ, 24 ਜੁਲਾਈ
ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਕਿਸੇ ਮਜ਼ਬੂਤ ਬੁਨਿਆਦ ’ਤੇ ਨਹੀਂ ਖੜ੍ਹੀ ਅਤੇ ਇਹ ਆਪਣੇ ਅੰਤਰ-ਵਿਰੋਧ ਕਾਰਨ ਡਿੱਗ ਪਵੇਗੀ। ਰਾਊਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਭਾਜਪਾ ਵਾਂਗ ਲਾਊਡਸਪੀਕਰ ’ਤੇ ਤਰੀਕਾਂ ਨਹੀਂ ਦੱਸਾਂਗੇ ਪਰ ਯਕੀਨਨ ਇਹ ਸਰਕਾਰ ਬਹੁਤਾ ਲੰਮਾ ਸਮਾਂ ਨਹੀਂ ਚੱਲੇਗੀ। ਸ਼ਿਵ ਸੈਨਾ ਦੇ ਮੁੱਖ ਤਰਜਮਾਨ ਨੇ ਕਿਹਾ ਕਿ ਇੱਥੋਂ ਤੱਕ ਸ਼ਿੰਦੇ ਸਰਕਾਰ ਬਣਨ ਦੇ ਇੱਕ ਮਹੀਨੇ ਬਾਅਦ ਵੀ ਕਿਸੇ ਮੰਤਰਾਲੇ ਦੀ ਵੰਡ ਨਹੀਂ ਕੀਤੀ ਗਈ। ਹਾਲਾਂਕਿ ਉਪ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਲ ’ਚ ਕਿਹਾ ਹੈ ਕਿ ਸੂੁਬਾਈ ਕੈਬਨਿਟ ’ਚ ਵਾਧਾ ਜਲਦੀ ਹੀ ਕੀਤਾ ਜਾਵੇਗਾ। ਉਧਰ ਰਾਊਤ ਨੇ ਅੱਜ ਦਾਅਵਾ ਕੀਤਾ, ‘‘ਠੱਗਾਂ ਵੱਲੋਂ ਬਣਾਈ ਇਹ ਦੋਗਲੀ ਸਰਕਾਰ ਆਪਣੇ ਅੰਤਰ-ਵਿਰੋਧ ਕਾਰਨ ਡਿੱਗ ਪਵੇਗੀ। ਇਹ ਕਿਸੇ ਮਜ਼ਬੂਤ ਬੁਨਿਆਦ ’ਤੇ ਆਧਾਰਿਤ ਨਹੀਂ ਸੀ ਅਤੇ ਨਾ ਹੀ ਹੋਵੇਗੀ।’’ ਇੱਥੇ ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਮਹਾਰਾਸ਼ਟਰ ਭਾਜਪਾ ਮੁਖੀ ਚੰਦਰਕਾਂਤ ਪਟੇਲ ਨੇ ਕਿਹਾ ਸੀ ਕਿ ਪਾਰਟੀ ਵੱਲੋਂ ਦਿਲ ’ਤੇ ਪੱਥਰ ਰੱਖ ਕੇ ਫੜਨਵੀਸ ਦੀ ਬਜਾਏ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਭਾਜਪਾ ਨੇਤਾ ਅਸ਼ੀਸ਼ ਸ਼ੈਲਾਰ ਨੇ ਕਿਹਾ ਸੀ ਕਿ ਇਹ ਭਾਜਪਾ ਜਾਂ ਪਾਟਿਲ ਦਾ ਸਟੈਂਡ ਨਹੀਂ ਹੈ ਅਤੇ ਉਹ ਸਿਰਫ ਆਮ ਵਰਕਰਾਂ ਦੀਆਂ ਭਾਵਨਾਵਾਂ ਬਾਰੇ ਦੱਸ ਰਹੇ ਸਨ। ਰਾਊਤ ਨੇ ਕਿਹਾ ਕਿ ਪਾਟਿਲ ਨੂੰ ਉਨ੍ਹਾਂ ਦੀ ਟਿੱਪਣੀ ਲਈ ਵਧਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।’’ -ਪੀਟੀਆਈ
ਸ਼ਿਵ ਸੈਨਾ ਦੇ ਬਾਗੀ ਧੜੇ ਨੂੰ ਮਾਨਤਾ ਦੇ ਕੇ ਸਪੀਕਰਾਂ ਨੇ ਨੇਮਾਂ ਦੀ ਉਲੰਘਣਾ ਕੀਤੀ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਅਤੇ ਲੋਕ ਸਭਾ ਸਪੀਕਰ ਨੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਧੜੇ ਨੂੰ ਮਾਨਤਾ ਦੇ ਕੇ ਸੰਵਿਧਾਨਕ ਮਾਨਦੰਡਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇੱਕ ਮੰਦਰ ਦੇ ਪੁਜਾਰੀ ਵੱਲੋਂ ਦਾਨ ਪੇਟੀ ਲੁੱਟਣ ਅਤੇ ਮੰਦਰ ਦੇ ਟਰੱਸਟੀਆਂ ਵੱਲੋਂ ਇਸ ਦੇ ਗੁੰਬਦ ਨੂੰ ਢਾਹੁਣ ਦੇ ਬਰਾਬਰ ਹੈ। ਰਾਊਤ ਨੇ ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਪ੍ਰਕਾਸ਼ਿਤ ਆਪਣੇ ਹਫ਼ਤਾਵਾਰੀ ਕਾਲਮ ‘ਰੋਕਟੋਕ’ ਵਿੱਚ ਦਾਅਵਾ ਕੀਤਾ ਕਿ ਦੇਸ਼ ਵਿੱਚ ਲੋਕਤੰਤਰ ਦੇ ਮੰਦਰਾਂ ਵਿੱਚ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਏਕਨਾਥ ਸ਼ਿੰਦੇ ਦੀ ਅਗਵਾਈ ਮਹਾਰਾਸ਼ਟਰ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸ਼ਿਵ ਸੈਨਾ ਨੂੰ ਖਤਮ ਕੀਤਾ ਜਾ ਸਕੇ। ਰਾਊਤ ਨੇ ਲੇਖ ਵਿੱਚ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਨ ਮਗਰੋਂ ਵਿਧਾਨ ਸਭਾ ਸਪੀਕਰ ਨੇ ਸੰਵਿਧਾਨਕ ਨੇਮਾਂ ਦੀ ਉਲੰਘਣਾ ਕੀਤੀ ਹੈ ਅਤੇ ਲੋਕ ਸਭਾ ਦੀ ਤਸਵੀਰ ਵੀ ਇਸ ਤੋਂ ਵੱਖਰੀ ਨਹੀਂ ਹੈ। ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਰਾਊਤ ਨੇ ਕਿਹਾ ਕਿ ਬਾਗੀ ਵਿਧਾਇਕ ਅਤੇ ਸੰਸਦ ਮੈਂਬਰ ਹੁਣ ਕੇਂਦਰੀ ਜਾਂਚ ਏਜੰਸੀਆਂ ਦੀ ਜਾਂਚ ਤੋਂ ਮੁਕਤ ਹਨ। -ਪੀਟੀਆਈ