ਸ਼ਿਲੌਂਗ, 1 ਸਤੰਬਰ
ਮੁੱਖ ਅੰਸ਼
- ਪੁਰਾਣੇ ਕੁਆਰਟਰਾਂ ਵਾਲੀ ਥਾਂ ਪੰਜ ਮੰਜ਼ਿਲਾ ਫਲੈਟਾਂ ਦੀ ਕੀਤੀ ਜਾਵੇਗੀ ਉਸਾਰੀ
- ਪਰਿਵਾਰਾਂ ਨੂੰ ਮੁੜ ਇਨ੍ਹਾਂ ਫਲੈੈਟਾਂ ਵਿੱਚ ਆਬਾਦ ਕਰਨ ਦਾ ਦਾਅਵਾ
ਮੇਘਾਲਿਆ ਸਰਕਾਰ ਨੇ ਸ਼ਿਲਾਂਗ ਦੇ ਥੇਮ ਲਿਊ ਮਾਲੌਂਗ ਇਲਾਕੇ ਦੀ ਪੰਜਾਬੀ ਲੇਨ ਵਿੱਚ ਰਹਿੰਦੇ 342 ਪਰਿਵਾਰਾਂ ਨੂੰ ਸ਼ਿਲਾਂਗ ਮਿਉਂਸਿਪਲ ਬੋਰਡ ਦੇ ਸਰਕਾਰੀ ਕੁਆਰਟਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਐੱਸਐੱਮਬੀ ਅਧਿਕਾਰੀਆਂ ਨੇ ਕਿਹਾ ਕਿ ਪੰਜਾਬੀ ਲੇਨ ਵਿਚਲੇ ਪੁਰਾਣੇ ਕੁਆਰਟਰਾਂ ਨੂੰ ਢਾਹ ਕੇ ਇਨ੍ਹਾਂ ਦੀ ਥਾਂ ਪੰਜ ਮੰਜ਼ਿਲਾ ਫਲੈਟਾਂ ਦੀ ਉਸਾਰੀ ਕੀਤੀ ਜਾਵੇਗੀ। ਇਥੋਂ ਹਟਾਏ ਲੋਕਾਂ ਨੂੰ ਮੁੜ ਇਨ੍ਹਾਂ ਫਲੈਟਾਂ ਵਿੱਚ ਆਬਾਦ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਪ੍ਰੈਸਟਨ ਟਾਇਸੌਂਗ ਨੇ ਕਿਹਾ ਕਿ ਉਪਰੋਕਤ ਪਰਿਵਾਰਾਂ ਨੂੰ ਸਰਕਾਰੀ ਕੁਆਰਟਰਾਂ ’ਚ ਤਬਦੀਲ ਕਰਨ ਦਾ ਫੈਸਲਾ ਸ਼ਹਿਰੀ ਮਾਮਲੇ ਵਿਭਾਗ ਦੇ ਮੰਤਰੀ ਐੱਸ.ਧਰ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਲੰਘੇ ਦਿਨ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਟਾਇਸੌਂਗ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਰੇ ਮੁੱਦਿਆਂ ਤੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਅਸੀਂ ਥੇਮ ਲਿਊ ਮਾਲੌਂਗ ਇਲਾਕੇ ਵਿੱਚ ਰਹਿੰਦੇ ਸਫਾਈ ਕਰਮੀਆਂ ਦੇ 342 ਪਰਿਵਾਰਾਂ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਲਈ ਬਣੇ ਕੁਆਰਟਰਾਂ ਦੇ ਸਾਹਮਣੇ ਸ਼ਿਲਾਂਗ ਮਿਉਂਸਿਪਲ ਬੋਰਡ ਦੇ ਮੌਜੂਦਾ ਕੁਆਰਟਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।’’ ਉਪ ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬੀ ਲੇਨ ਵਿਚਲੇ ਪੁਰਾਣੇ ਕੁਆਰਟਰਾਂ ਨੂੰ ਢਾਹ ਕੇ, 342 ਪਰਿਵਾਰਾਂ ਨੂੰ ਆਬਾਦ ਕਰਨ ਲਈ ਢਾਈ ਏਕੜ 12 ਬਲਾਕਾਂ ਵਾਲਾ ਫਲੈਟ ਸਿਸਟਮ ਉਸਾਰਿਆ ਜਾਵੇਗਾ। ਸ਼ਹਿਰੀ ਮਾਮਲੇ ਵਿਭਾਗ ਨੂੰ ਡੇਢ ਮਹੀਨੇ ਅੰਦਰ ਤਫ਼ਸੀਲੀ ਰਿਪੋਰਟ ਤਿਆਰ ਕਰਨ ਲਈ ਆਖ ਦਿੱਤਾ ਹੈ।’’ ਟਾਇਸੌਂਗ ਨੇ ਕਿਹਾ ਕਿ ਜਲਦੀ ਹੀ ਮੀਟਿੰਗ ਸੱਦ ਕੇ ਹਰੀਜਨ ਪੰਚਾਇਤ ਕਮੇਟੀ (ਐੱਚਪੀਸੀ) ਨੂੰ ਇਸ ਫੈਸਲੇ ਬਾਰੇ ਦੱਸ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ 342 ਪਰਿਵਾਰਾਂ ਦੇ ਰਹਿਣ ਲਈ ਹੀ ਪ੍ਰਬੰਧ ਕਰੇਗੀ ਤੇ ਇਨ੍ਹਾਂ ਪਰਿਵਾਰਾਂ ਦੀ ਇਕ ਸੂਚੀ ਮੇਘਾਲਿਆ ਹਾਈ ਕੋਰਟ ਨੂੰ ਸੌਂਪ ਦਿੱਤੀ ਗਈ ਹੈ। ਕੋਰਟ ਆਬਾਦਕਾਰਾਂ ਤੇ ਸੂੁਬਾ ਸਰਕਾਰ ਦਰਮਿਆਨ ਕੋਰਟ ਤੋਂ ਬਾਹਰ ਹੀ ਕੋਈ ਸਮਝੌਤਾ ਸਿਰੇ ਚੜ੍ਹਨ ਦੀ ਉਡੀਕ ਵਿੱਚ ਹੈ। ਉਨ੍ਹਾਂ ਕਿਹਾ, ‘‘ਇਕ ਵਾਰ ਸੂਬਾ ਸਰਕਾਰ ਤੇ ਐੱਚਪੀਸੀ ਦੀ ਸਹਿਮਤੀ ਮਿਲ ਜਾਵੇ, ਅਸੀਂ ਇਸ ਕੇਸ ਨੂੰ ਬੰਦ ਕਰਨ ਲਈ ਮਿਲ ਕੇ ਹਲਫ਼ਨਾਮਾ ਦਾਖ਼ਲ ਕਰਾਂਗੇ।’’ ਇਸ ਤੋਂ ਪਹਿਲਾਂ ਅਪਰੈਲ ਵਿੱਚ ਐੱਸਐੱਮਬੀ ਨੇ ਆਬਾਦਕਾਰਾਂ ਨੂੰ ਥੇਮ ਲਿਊ ਮਾਲੌਂਗ ਤੋਂ ਕਿਸੇ ਹੋਰ ਥਾਂ ਵਸਾਉਣ ਲਈ ਸ਼ਰਤ ਰੱਖੀ ਸੀ ਕਿ ਸੂਬਾ ਸਰਕਾਰ 342 ਪਰਿਵਾਰਾਂ ਵਿਚੋਂ ਹਰੇਕ ਨੂੰ 200 ਵਰਗ ਮੀਟਰ ਥਾਂ ਮੁਹੱਈਆ ਕਰਵਾਏਗੀ ਤੇ ਘਰਾਂ ਦੀ ਉਸਾਰੀ ਦਾ ਖਰਚਾ ਵੀ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਉਧਰ ਕਈ ਗੈਰ-ਸਰਕਾਰੀ ਜਥੇਬੰਦੀਆਂ ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸੂਬੇ ਤੋਂ ਬਾਹਰਲੇ ਲੋਕਾਂ ਲਈ ਫਲੈਟਾਂ ਦਾ ਪ੍ਰਬੰਧ ਕੀਤਾ ਜਾ ਰਿਹੈ ਜਦੋਂਕਿ ‘ਸਥਾਨਕ ਗਰੀਬ ਗੁਰਬੇ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ ਜਾ ਰਿਹਾ ਹੈ।’’ -ਪੀਟੀਆਈ