ਮੁੰਬਈ, 11 ਦਸੰਬਰ
ਅਦਾਕਾਰਾ ਸ਼ਿਖਾ ਮਲਹੋਤਰਾ ਨੂੰ ਅਧਰੰਗ ਦਾ ਦੌਰਾ ਪੈਣ ਮਗਰੋਂ ਸਿਟੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ਿਖਾ ਦੇ ਮੈਨੇਜਰ ਵੱਲੋਂ ਦਿੱਤੀ ਗਈ ਹੈ। ਅਦਾਕਾਰਾ ਦੇ ਪੀਆਰ ਮੈਨੇਜਰ ਅਸ਼ਵਨੀ ਸ਼ੁਕਲਾ ਅਨੁਸਾਰ ਸ਼ਿਖਾ ਨੇ ਵੀਰਵਾਰ ਰਾਤ ਨੂੰ ਜਿਸਮ ਦੇ ਸੱਜੇ ਹਿੱਸੇ ਵਿੱਚ ਦਰਦ ਹੋਣ ਬਾਰੇ ਦੱਸਿਆ ਸੀ, ਜਿਸ ਮਗਰੋਂ ਉਸ ਨੂੰ ਜੁਹੂ ਦੇ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਨੇਜਰ ਨੇ ਦੱਸਿਆ ਕਿ ਸ਼ਿਖਾ ਦੀਵਾਲੀ ਵੇਲੇ ਆਪਣੇ ਘਰ ਦਿੱਲੀ ਗਈ ਸੀ, ਜਿਥੋਂ ਵਾਪਸ ਆਉਣ ਤੋਂ ਬਾਅਦ ਉਹ ਸਿਹਤ ਠੀਕ ਨਾ ਹੋਣ ਦੀ ਲਗਾਤਾਰ ਸ਼ਿਕਾਇਤ ਕਰ ਰਹੀ ਸੀ। ਸ਼ਿਖਾ ਨੂੰ ਠੀਕ ਹੋਣ ਵਿੱਚ ਲਗਪਗ 8 ਤੋਂ 10 ਦਿਨ ਲੱਗਣਗੇ। ਜ਼ਿਕਰਯੋਗ ਹੈ ਕਿ ਤਾਪਸੀ ਪੰਨੂ ਨਾਲ ‘ਰਨਿੰਗ ਸ਼ਾਦੀ’ ਅਤੇ ‘ਕਾਂਚਲੀ’ ਵਰਗੀਆਂ ਫ਼ਿਲਮਾਂ ਕਰ ਚੁੱਕੀ ਅਦਾਕਾਰਾ ਹਾਲ ਹੀ ਵਿੱਚ ਕਰੋਨਾ ਮਹਾਮਾਰੀ ਦੌਰਾਨ ਨਰਸ ਦੀ ਡਿਊਟੀ ਨਿਭਾਉਂਦੇ ਹੋਏ ਸੁਰਖੀਆਂ ਵਿੱਚ ਆਈ ਸੀ। ਸ਼ਿਖਾ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਸ ਨੇ ਨਰਸ ਵਜੋਂ ਆਪਣੀ ਡਿਊਟੀ ਬੰਦ ਕਰ ਦਿੱਤੀ ਸੀ।
-ਪੀਟੀਆਈ