ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣ ਵਾਲੀ ਬੈਠਕ ਅਜੇ ਤੱਕ ਨਹੀਂ ਹੋਈ ਹੈ ਅਤੇ ਇਸ ਦਿਸ਼ਾ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਜਾਵੇਗਾ। ਸ੍ਰੀ ਖੱਟਰ ਨੇ ਅੱਜ ਇੱਥੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ ਦੇ ਪਾਣੀਆਂ ਨਾਲ ਸਬੰਧਤ ਕਈ ਮੁੱਦੇ ਵਿਚਾਰੇ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖੱਟਰ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡਰੌਲੋਜੀ ਵੱਲੋਂ ਯੁਮਨਾ ਨਦੀ ਵਿੱਚ ਕੁੱਝ ਹੋਰ ਪਾਣੀ ਛੱਡਣ ਦੀ ਸਿਫ਼ਾਰਿਸ਼ ਕੀਤੀ ਗਈ ਸੀ ਪਰ ਸੂਬੇ ਵਿੱਚ ਪਹਿਲਾਂ ਤੋਂ ਸਿੰਜਾਈ ਤੇ ਪੀਣ ਵਾਲੇ ਪਾਣੀ ਦੀ ਘਾਟ ਹੋਣ ਕਰ ਕੇ ਹਰਿਆਣਾ ਯਮੁਨਾ ਵਿੱਚ ਜ਼ਿਆਦਾ ਪਾਣੀ ਛੱਡਣ ਦੇ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਉੱਪਰੀ ਯਮੁਨਾ ਬੇਸਿਨ ’ਤੇ ਬਣਨ ਵਾਲਾ ਰੇਣੂਕਾ, ਕਿਸ਼ਾਊ ਤੇ ਲੱਖਵਾੜ ਬੰਨ੍ਹ ਪ੍ਰਾਜੈਕਟ ਪੂਰਾ ਹੋਣ ’ਤੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਹੀ ਇਸ ਬਾਰੇ ਕੋਈ ਵਿਚਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮਿੱਟੀ ਖੋਜ ਸਟੇਸ਼ਨ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਕੇਂਦਰੀ ਜਲ ਕਮਿਸ਼ਨ ਸਰਸਵਤੀ ਨਦੀ ’ਤੇ ਬਣੇ ਅਦਾਬਦਰੀ ਡੈਮ ’ਤੇ ਸੋਮਵਤੀ ਬੈਰਾਜ ਦਾ ਡਿਜ਼ਾਈਨ ਤਿਆਰ ਕਰੇਗਾ। 130 ਪਿੰਡਾਂ ਵਿਚ ਕੇਂਦਰ ਨੂੰ ਪੀਣ ਵਾਲਾ ਪਾਣੀ 55 ਲਿਟਰ ਦੀ ਥਾਂ 130 ਲਿਟਰ ਦੇ ਹਿਸਾਬ ਨਾਲ ਅਤੇ ਸੀਵਰੇਜ ਦੀ ਸਹੂਲਤ ਲਈ ਰੁਪਏ ਦੀ ਦਰ ਨਾਲ ਮੁਹੱਈਆ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ।