ਨਵੀਂ ਦਿੱਲੀ, 5 ਜੁਲਾਈ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਅੰਬਾਂ ਦੀ ਖੇਪ ਭੇਜੀ ਹੈ। ਬੰਗਲਾਦੇਸ਼ ਤੋਂ ਅੱਜ ਵੱਡੀ ਗਿਣਤੀ ਟਰੱਕ 2600 ਕਿੱਲੋ ਅੰਬ ਲੈ ਕੇ ਭਾਰਤੀ ਸਰਹੱਦ ਅੰਦਰ ਦਾਖਲ ਹੋਏ। ਇਸ ਤੋਂ ਪਹਿਲਾਂ ਕਸਟਮ ਡਿਪਟੀ ਕਮਿਸ਼ਨਰ ਅਨੁਪਮ ਛਮਕਾ ਨੇ ਹਰੀਭੰਗਾ ਅੰਬਾਂ ਦੀ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੰਗਲਾਦੇਸ਼ੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੇ ਕਿ ਪ੍ਰਧਾਨ ਮੰਤਰੀ ਹਸੀਨਾ ਨੇ ਦੇਸ਼ ਦੀਆਂ ਹੱਦਾਂ ਨਾਲ ਲਗਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅੰਬਾਂ ਦੀ ਖੇਪ ਭੇਜੀ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਬਾਂ ਦੀ ਖੇਪ ਭੇਜੀ ਸੀ ਪਰ ਉਹ ਖੇਪ ਮਿੱਤਰਤਾ ਵਿਚ ਵਾਧਾ ਨਹੀਂ ਕਰ ਸਕੀ ਸੀ ਬਲਕਿ ਪਾਕਿਸਤਾਨ ਵਾਲੇ ਪਾਸਿਉਂ ਗੋਲੀਬਾਰੀ ਤੇ ਘੁਸਪੈਠ ਦੀਆਂ ਘਟਨਾਵਾਂ ਜ਼ਿਆਦਾ ਵਧ ਗਈਆਂ ਸਨ।