ਬੰਗਲੂਰੂ, 31 ਜਨਵਰੀ
ਅੰਨਾ ਡੀਐੱਮਕੇ ’ਚੋਂ ਬਰਖ਼ਾਸਤ ਆਗੂ ਵੀ ਕੇ ਸ਼ਸ਼ੀਕਲਾ ਦੇ ਸਿਹਤਯਾਬ ਹੋਣ ਮਗਰੋਂ ਅੱਜ ਉਸ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਕੋਵਿਡ-19 ਹੋਣ ਕਾਰਨ ਉਸ ਨੂੰ ਜੇਲ੍ਹ ’ਚੋਂ ਹਸਪਤਾਲ ਤਬਦੀਲ ਕੀਤਾ ਗਿਆ ਸੀ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੀ ਨੇੜਲੀ ਸਹਿਯੋਗੀ ਸ਼ਸ਼ੀਕਲਾ ਕਾਰ ’ਚ ਸਵਾਰ ਹੋ ਕੇ ਆਪਣੀ ਰਿਹਾਇਸ਼ ਵੱਲ ਚਲੀ ਗਈ ਜਿਸ ’ਤੇ ਅੰਨਾ ਡੀਐੱਮਕੇ ਦਾ ਝੰਡਾ ਲੱਗਾ ਹੋਇਆ ਸੀ। ਹਾਕਮ ਪਾਰਟੀ ਨੇ ਉਸ ਦੇ ਇਸ ਕਦਮ ’ਤੇ ਸਵਾਲ ਉਠਾਇਆ ਹੈ ਕਿਉਂਕਿ ਉਸ ਨੂੰ ਪਾਰਟੀ ’ਚੋਂ ਪਹਿਲਾਂ ਹੀ ਕੱਢ ਦਿੱਤਾ ਗਿਆ ਹੈ। ਅੰਨਾ ਡੀਐੱਮਕੇ ਵਾਰ ਵਾਰ ਆਖਦੀ ਆ ਰਹੀ ਹੈ ਕਿ 66 ਵਰ੍ਹਿਆਂ ਦੀ ਸ਼ਸ਼ੀਕਲਾ ਨੂੰ ਮੁੜ ਪਾਰਟੀ ’ਚ ਨਹੀਂ ਲਿਆ ਜਾਵੇਗਾ ਅਤੇ ਉਸ ਦੀ ਜੇਲ੍ਹ ’ਚੋਂ ਰਿਹਾਈ ਦਾ ਪਾਰਟੀ ’ਤੇ ਕੋਈ ਅਸਰ ਨਹੀਂ ਪਵੇਗਾ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚਾਰ ਸਾਲ ਦੀ ਸਜ਼ਾ ਭੁਗਤਣ ਮਗਰੋਂ ਉਹ 27 ਜਨਵਰੀ ਨੂੰ ਰਿਹਾਅ ਹੋ ਗਈ ਸੀ। -ਪੀਟੀਆਈ