ਚੇਨੱਈ, 9 ਫਰਵਰੀ
ਅੰਨਾ ਡੀਐੱਮਕੇ ’ਚੋਂ ਬਰਖ਼ਾਸਤ ਆਗੂ ਵੀਕੇ ਸ਼ਸ਼ੀਕਲਾ ਬੰਗਲੌਰ ਤੋਂ 23 ਘੰਟਿਆਂ ਦੇ ਸਫ਼ਰ ਮਗਰੋਂ ਅੱਜ ਇੱਥੇ ਪਹੁੰਚ ਗਈ ਹੈ। ਉਸ ਦੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ। ਸ਼ਸ਼ੀਕਲਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਚਾਰ ਸਾਲ ਜੇਲ੍ਹ ਵਿੱਚ ਰਹੀ ਹੈ ਅਤੇ ਹੁਣ ਕਰੋਨਾ ਦੇ ਇਲਾਜ ਮਗਰੋਂ ਪਰਤੀ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ ਜੈਲਲਿਤਾ ਦੀ ਭਰੋਸੇਯੋਗ ਸਹਿਯੋਗੀ 65 ਸਾਲਾ ਸ਼ਸ਼ੀਕਲਾ ਸਵੇਰੇ ਸੱਤ ਵਜੇ ਟਾਟਾ ਨਗਰ ਪਹੁੰਚੀ। ਉਸ ਦੇ ਰਿਸ਼ਤੇਦਾਰ ਅਤੇ ਏਐੱਮਐੱਮਕੇ ਆਗੂ ਟੀਟੀਵੀ ਦਿਨਾਕਰਨ ਨੇ ਕਿਹਾ ਕਿ ਅੰਨਾ ਡੀਐੱਮਕੇ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਦਾ ਉਸ ਦਾ ਯਤਨ ਜਾਰੀ ਰਹੇਗਾ ਅਤੇ ਦਾਅਵਾ ਕੀਤਾ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੀਐੱਮਕੇ ਨੂੰ ਸੱਤਾ ਵਿੱਚੋਂ ਦੂਰ ਰੱਖਣਾ ਉਸ ਦਾ ਮੰਤਵ ਹੈ। ਉਸਨੇ ਕਿਹਾ, ‘‘ਸਾਡਾ ਮਜ਼ਬੂਤ ਇਰਾਦਾ ਹੈ ਕਿ ਡੀਐੱਮਕੇ ਨੂੰ ਸੱਤਾ ਵਿੱਚ ਨਾ ਆਉਣ ਦਿੱਤਾ ਜਾਵੇ ਅਤੇ ਇਸ ਦਿਸ਼ਾ ਵਿੱਚ ਅਸੀਂ ਪੂਰੀ ਵਾਹ ਲਾਵਾਂਗੇ।’’ ਉਸਨੇ ਸੰਕੇਤ ਦਿੱਤਾ ਕਿ ਸ਼ਸ਼ੀਕਲਾ ਚੋਣਾਂ ਲੜ ਸਕਦੀ ਹੈ। ਦਿਨਾਕਰਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਦਾਕਾਰ ਰਜਨੀਕਾਂਤ ਨੇ ਉਨ੍ਹਾਂ ਤੋਂ ਸ਼ਸ਼ੀਕਲਾ ਦੀ ਸਿਹਤ ਬਾਰੇ ਸੋਮਵਾਰ ਨੂੰ ਪੁੱਛਿਆ ਸੀ। ਸ਼ਸ਼ੀਕਲਾ ਬੰਗਲੌਰ ਤੋਂ ਸੋਮਵਾਰ ਸਵੇਰੇ ਕਾਰ ਰਾਹੀਂ ਰਵਾਨਾ ਹੋਈ ਸੀ ਅਤੇ ਰਸਤੇ ਵਿੱਚ ਸਮਰਥਕਾਂ ਨੇ ਉਸ ਦਾ ਸਵਾਗਤ ਕੀਤਾ। -ਪੀਟੀਆਈ