ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਉਸ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਲਗਜ਼ਰੀ ਹੋਟਲ ਵਿੱਚ ਹੋਈ ਮੌਤ ਦੇ ਮਾਮਲੇ ਵਿੱਚੋਂ ਅੱਜ ਬਰੀ ਕਰ ਦਿੱਤਾ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਉਪਰੋਕਤ ਹੁਕਮ ਵਰਚੁਅਲ ਸੁਣਵਾਈ ਦੌਰਾਨ ਕੀਤੇ। ਤਫ਼ਸੀਲੀ ਹੁਕਮਾਂ ਦੀ ਅਜੇ ਉਡੀਕ ਹੈ। ਥਰੂਰ, ਜੋ ਵਰਚੁਅਲ ਸੁਣਵਾਈ ਵਿੱਚ ਸ਼ਾਮਲ ਸਨ, ਨੇ ਫੈਸਲੇ ਮਗਰੋਂ ਜੱਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ‘ਪਿਛਲੇ ਸਾਢੇ ਸੱਤ ਸਾਲ ਉਸ ਲਈ ਕਿਸੇ ਤਸ਼ੱਦਦ ਤੋਂ ਘੱਟ ਨਹੀਂ ਸਨ’। ਕਾਂਗਰਸ ਆਗੂ ਨੇ ਹੁਕਮਾਂ ਨੂੰ ‘ਵੱਡੀ ਰਾਹਤ’ ਕਰਾਰ ਦਿੱਤਾ ਹੈ। ਸੁਨੰਦਾ ਪੁਸ਼ਕਰ 17 ਜਨਵਰੀ 2014 ਨੂੰ ਦਿੱਲੀ ਦੇ ਇਕ ਲਗਜ਼ਰੀ ਹੋਟਲ ਦੇ ਵਿੱਚ ਮ੍ਰਿਤ ਮਿਲੀ ਸੀ। ਇਹ ਜੋੜਾ ਉਸ ਵੇਲੇ ਹੋਟਲ ਵਿੱਚ ਰਹਿ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਸਰਕਾਰੀ ਬੰਗਲੇ ਦੀ ਮੁਰੰਮਤ ਹੋ ਰਹੀ ਸੀ। ਥਰੂਰ ਖ਼ਿਲਾਫ਼ ਧਾਰਾ 498ਏ ਤੇ 306 ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਸੈਸ਼ਨ ਕੋਰਟ ਨੇ 5 ਜੁਲਾਈ 2018 ਨੂੰ ਕਾਂਗਰਸੀ ਆਗੂ ਨੂੰ ਪੇਸ਼ਗੀ ਜ਼ਮਾਨਤ ਦਿੱਤੀ। ਹਾਲਾਂਕਿ ਮੈਜਿਸਟਰੇਟੀ ਅਦਾਲਤ ਨੇ ਮਗਰੋਂ ਇਸ ਨੂੰ ਨਿਯਮਤ ਜ਼ਮਾਨਤ ਵਿੱਚ ਤਬਦੀਲ ਕਰ ਦਿੱਤਾ ਸੀ। ਥਰੂਰ ਨੇ ਮਗਰੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਖੀਰ ਨੂੰ ਨਿਆਂ ਮਿਲਿਆ ਹੈ, ਜੋ ਪਰਿਵਾਰ ਵਿੱਚ ਸ਼ਾਮਲ ਹਰੇਕ ਨੂੰ ਸੁਨੰਦਾ ਦੀ ਮੌਤ ਦਾ ਵਿਰਲਾਪ ਕਰਨ ਦੀ ਇਜਾਜ਼ਤ ਦੇਵੇਗਾ। ਥਰੂਰ ਨੇ ਟਵਿੱਟਰ ’ਤੇ ਜਾਰੀ ਬਿਆਨ ਵਿੱਚ ਕਿਹਾ, ‘‘ਸਾਡੇ ਨਿਆਂ ਪ੍ਰਬੰਧ ਵਿੱਚ, ਅਕਸਰ ਇਹ ਪੂਰਾ ਅਮਲ ਸਜ਼ਾ ਵਾਂਗ ਹੁੰਦਾ ਹੈ। ਪਰ ਅਖੀਰ ਨੂੰ ਇਨਸਾਫ਼ ਮਿਲਿਆ ਹੈ, ਜੋ ਸਾਡੇ ਸਾਰੇ ਪਰਿਵਾਰ ਨੂੰ ਸੁਨੰਦਾ ਦੀ ਮੌਤ ’ਤੇ ਵਿਰਲਾਪ ਕਰਨ ਦੀ ਇਜਾਜ਼ਤ ਦੇਵੇਗਾ।’ ਥਰੂਰ ਨੇ ਕਿਹਾ ਕਿ ਬੁੱਧਵਾਰ ਦੇ ਇਨ੍ਹਾਂ ਹੁਕਮਾਂ ਨਾਲ ਉਸ ‘ਲੰਮੇ ਡਰਾਉਣੇ ਸੁਫ਼ਨੇ’ ਦਾ ਅੰਤ ਹੋਇਆ ਹੈ, ਜਿਸ ਨੇ ਮੇਰੀ ਮਰਹੂਮ ਪਤਨੀ ਸੁਨੰਦਾ ਦੀ ਮੌਤ ਮਗਰੋਂ ਮੈਨੂੰ ਘੇਰ ਰੱਖਿਆ ਸੀ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਮੈਂ ਆਪਣੇ ਪਿੰਡੇ ’ਤੇ ਬੜੇ ਧੀਰਜ ਨਾਲ ਦਰਜਨਾਂ ਬੇਬੁਨਿਆਦ ਦੋਸ਼ ਹੰਢਾਏ ਹਨ, ਪਰ ਮੈਨੂੰ ਭਾਰਤ ਦੀ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਸੀ, ਜਿਸ ਦੀ ਅੱਜ ਪੁਸ਼ਟੀ ਹੋਈ ਹੈ।’’ ਇਸ ਤੋਂ ਪਹਿਲਾਂ ਅੱਜ ਅੰਤਿਮ ਬਹਿਸ ਦੌਰਾਨ ਪੁਲੀਸ ਨੇ ਥਰੂਰ ਖ਼ਿਲਾਫ਼ ਧਾਰਾ 306 (ਖ਼ੁਦਕੁਸ਼ੀ ਲਈ ਮਜਬੂਰ ਕਰਨ) ਤਹਿਤ ਦੋਸ਼ ਲਾਉਣ ਦੀ ਮੰਗ ਕੀਤੀ ਜਦੋਂਕਿ ਕਾਂਗਰਸ ਆਗੂ ਵੱਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਪਾਹਵਾ ਨੇ ਕੋਰਟ ਨੂੰ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਸਿਆਸਤਦਾਨ ਨੂੰ ਉਸ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਗਿਆ ਹੈ। ਪਾਹਵਾ ਨੇ ਇਸ ਤੋਂ ਪਹਿਲਾਂ ਕੋਰਟ ਨੂੰ ਦੱਸਿਆ ਸੀ ਕਿ ਪੁਸ਼ਕਰ ਦੇ ਪਰਿਵਾਰ ਤੇ ਦੋਸਤਾਂ ਦਾ ਇਹ ਕਹਿਣਾ ਸੀ ਕਿ ਉਸ ਦੀ ਮੌਤ ਖੁ਼ਦਕੁਸ਼ੀ ਕੀਤੇ ਜਾਣ ਨਾਲ ਨਹੀਂ ਹੋ ਸਕਦੀ ਤੇ ਇਸ ਆਧਾਰ ’ਤੇ ਖੁ਼ਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਵੀ ਨਹੀਂ ਲਾਇਆ ਜਾ ਸਕਦਾ। -ਪੀਟੀਆਈ
ਕੀ ਪ੍ਰਧਾਨ ਮੰਤਰੀ ਅਸੰਜਮੀ ਟਿੱਪਣੀਆਂ ਲਈ ਮੁਆਫ਼ੀ ਮੰਗਣਗੇ: ਕਾਂਗਰਸ
ਨਵੀਂ ਦਿੱਲੀ: ਸ਼ਸ਼ੀ ਥਰੂਰ ਨੂੰ ਆਪਣੀ ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿੱਚ ਬਰੀ ਕੀਤੇ ਜਾਣ ਮਗਰੋਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੀ ਉਹ ਥਰੂਰ ਖ਼ਿਲਾਫ਼ ਕੀਤੀਆਂ ਅਸੰਜਮੀ ਟਿੱਪਣੀਆਂ ਲਈ ਮੁਆਫ਼ੀ ਮੰਗਣਗੇ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਥਰੂਰ ਨੂੰ ਮਿਲੀ ਰਾਹਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਕਿਹਾ, ‘‘ਮੇਰੇ ਦੋਸਤ ਤੇ ਸਾਥੀ ਸ਼ਸ਼ੀ ਥਰੂਰ ਨੂੰ ਸੱਤ ਸਾਲ ਮਾਨਸਿਕ ਤਸ਼ੱਦਦ ਰਾਹੀਂ ਪ੍ਰੇਸ਼ਾਨ ਕੀਤਾ ਗਿਆ। ਅੱਜ ਉਹ ਦੋਸ਼ ਮੁਕਤ ਖੜ੍ਹਾ ਹੈ ਅਤੇ ਮੋਦੀ-ਸ਼ਾਹ ਦੀ ਜੋੜੀ ਤੇ ਉਨ੍ਹਾਂ ਦੇ ਹੱਥਠੋਕਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਗਿਆ ਹੈ। ਨਿਆਂਪਾਲਿਕਾ ਦੀ ਜੈ ਹੋੋ। ਅਜੇ ਵੀ ਸਭ ਕੁਝ ਨਹੀਂ ਗੁਆਚਿਆ।’’ -ਪੀਟੀਆਈ